ਜਲ ਸੈਨਾ ''ਚ ਸ਼ਾਮਲ ''ਸਮੁੰਦਰ ਕਾ ਸਿੰਕਦਰ'' INS ਇੰਫਾਲ, ਜਾਣੋ ਨਵੇਂ ਜੰਗੀ ਬੇੜੇ ਦੀ ਤਾਕਤ
Wednesday, Dec 27, 2023 - 09:58 AM (IST)
ਮੁੰਬਈ- ਵਿਸਤ੍ਰਿਤ ਰੇਂਜ ਦੀ ਸੁਪਰਸੋਨਿਕ ਬ੍ਰਹਿਮੋਸ ਮਿਜ਼ਾਈਲ ਨੂੰ ਦਾਗਣ ਦੀ ਸਮਰੱਥਾ ਨਾਲ ਲੈਸ ‘ਸਟੀਲਥ ਗਾਈਡਡ ਮਿਜ਼ਾਈਲ’ ਤੋੜੂ ‘ਆਈ. ਐੱਨ. ਐੱਸ. ਇੰਫਾਲ’ ਜੰਗੀ ਬੇੜੇ ਨੂੰ ਮੰਗਲਵਾਰ ਮੁੰਬਈ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿਚ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਗਿਆ। ਰਾਜਨਾਥ ਦੇ ਨਾਲ ਹੀ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਸਮਾਗਮ ’ਚ ਮੌਜੂਦ ਸਨ।
ਇਹ ਸਮੁੰਦਰੀ ਫੌਜ ਵਲੋਂ ਸਵਦੇਸ਼ੀ ਤੌਰ ’ਤੇ ਤਿਆਰ ਕੀਤੇ ਗਏ ਚਾਰ ‘ਵਿਸ਼ਾਖਾਪਟਨਮ’ ਸ਼੍ਰੇਣੀ ਦੇ ਜੰਗੀ ਬੇੜਿਆਂ ਵਿੱਚੋਂ ਤੀਜਾ ਹੈ। ਇਸ ਨੂੰ ਨੇਵਲ ਵਾਰਸ਼ਿਪ ਡਿਜ਼ਾਈਨ ਬਿਊਰੋ ਵਲੋਂ ਡਿਜ਼ਾਇਨ ਤੇ ਜਨਤਕ ਖੇਤਰ ਦੇ ਮਜ਼ਾਗਨ ਡੌਕ ਲਿਮਿਟੇਡ, ਮੁੰਬਈ ਵਲੋਂ ਬਣਾਇਆ ਗਿਆ ਹੈ। ਇਸ ਨੂੰ ਬੰਦਰਗਾਹ ਅਤੇ ਸਮੁੰਦਰ ਵਿਚ ਇਕ ਵਿਆਪਕ ਅਜ਼ਮਾਇਸ਼ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ 20 ਅਕਤੂਬਰ ਨੂੰ ਭਾਰਤੀ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ ਗਿਆ ਸੀ। ਇਸ ਦੀ ਲੰਬਾਈ 164 ਮੀਟਰ ਅਤੇ ਭਾਰ 7,400 ਟਨ ਹੈ। ਇਸ ਨੂੰ 75 ਫੀਸਦੀ ਸਵਦੇਸ਼ੀ ਸਮੱਗਰੀ ਨਾਲ ਭਾਰਤ ਵਿੱਚ ਬਣੇ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੀ ਰਫ਼ਤਾਰ 56 ਕਿਲੋਮੀਟਰ ਪ੍ਰਤੀ ਘੰਟਾ ਹੈ।
ਖ਼ਾਸੀਅਤ
ਇਸ ਜਹਾਜ਼ 'ਚ 75 ਫੀਸਦੀ ਤੋਂ ਵੱਧ ਸਵਦੇਸ਼ੀ ਉਪਕਰਨਾਂ ਦੀ ਵਰਤੋਂ ਕੀਤੀ ਗਈ ਹੈ।
- ਮੱਧਮ ਰੇਂਜ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (BEL, ਬੰਗਲੌਰ)
- ਬ੍ਰਹਮੋਸ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਬ੍ਰਹਮੋਸ ਏਰੋਸਪੇਸ, ਨਵੀਂ ਦਿੱਲੀ)
- ਸਵਦੇਸ਼ੀ ਟਾਰਪੀਡੋ ਟਿਊਬ ਲਾਂਚਰ (ਲਾਰਸਨ ਐਂਡ ਟੂਬਰੋ, ਮੁੰਬਈ)
- ਸਵਦੇਸ਼ੀ ਐਂਟੀ-ਸਬਮਰੀਨ ਰਾਕੇਟ ਲਾਂਚਰ (ਲਾਰਸਨ ਐਂਡ ਟੂਬਰੋ, ਮੁੰਬਈ)
- 76 ਮਿਲੀਮੀਟਰ ਸੁਪਰ ਰੈਪਿਡ ਗਨ ਮਾਊਂਟ (ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ, ਹਰਿਦੁਆਰ)
ਇੰਫਾਲ ਦੀ ਨੀਂਹ 19 ਮਈ 2017 ਨੂੰ ਰੱਖੀ ਗਈ ਸੀ। ਜਹਾਜ਼ ਨੂੰ 20 ਅਪ੍ਰੈਲ 2019 ਨੂੰ ਲਾਂਚ ਕੀਤਾ ਗਿਆ ਸੀ। ਜਹਾਜ਼ 28 ਅਪ੍ਰੈਲ 2023 ਨੂੰ ਆਪਣੇ ਪਹਿਲੇ ਸਮੁੰਦਰੀ ਅਜ਼ਮਾਇਸ਼ਾਂ ਲਈ ਰਵਾਨਾ ਹੋਇਆ ਸੀ। ਇਸ ਨੇ ਬੰਦਰਗਾਹ ਅਤੇ ਸਮੁੰਦਰ ਵਿੱਚ ਅਜ਼ਮਾਇਸ਼ਾਂ ਦੇ ਇੱਕ ਵਿਆਪਕ ਪ੍ਰੋਗਰਾਮ ਵਿੱਚੋਂ ਗੁਜ਼ਰਿਆ ਹੈ, ਨਤੀਜੇ ਵਜੋਂ 20 ਅਕਤੂਬਰ 2023 ਨੂੰ ਛੇ ਮਹੀਨਿਆਂ ਦੀ ਰਿਕਾਰਡ ਸਮਾਂ-ਸੀਮਾ ਦੇ ਅੰਦਰ ਇਸਦੀ ਫੌਜ ਨੂੰ ਸਪੁਰਦਗੀ ਕੀਤੀ ਗਈ।