ਮੁੱਖ ਸਕੱਤਰ ਕੁੱਟਮਾਰ: ''ਆਪ'' ਵਿਧਾਇਕ ਨਿਤਿਨ ਤਿਆਗੀ ਤੋਂ ਹੋਈ ਪੁੱਛ-ਗਿੱਛ

Tuesday, Mar 06, 2018 - 11:16 AM (IST)

ਮੁੱਖ ਸਕੱਤਰ ਕੁੱਟਮਾਰ: ''ਆਪ'' ਵਿਧਾਇਕ ਨਿਤਿਨ ਤਿਆਗੀ ਤੋਂ ਹੋਈ ਪੁੱਛ-ਗਿੱਛ

ਨਵੀਂ ਦਿੱਲੀ— ਦਿੱਲੀ ਪੁਲਸ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਹੋਈ ਕੁੱਟਮਾਰ ਦੇ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਿਤਿਨ ਤਿਆਗੀ ਤੋਂ ਸੋਮਵਾਰ ਨੂੰ ਪੁੱਛ-ਗਿੱਛ ਕੀਤੀ। ਇਸ ਮਾਮਲੇ 'ਚ ਸੱਤਾਧਾਰੀ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਪੁੱਛ-ਗਿੱਛ ਲਈ ਤਲੱਬ ਕੀਤਾ ਜਾ ਸਕਦਾ ਹੈ। ਕੋਲਕਾਤਾ 'ਚ ਹੋਣ ਕਾਰਨ ਤਿਆਗੀ ਤੋਂ ਹੁਣ ਤੱਕ ਪੁੱਛ-ਗਿੱਛ ਨਹੀਂ ਹੋ ਸਕੀ ਸੀ। ਉਨ੍ਹਾਂ ਨੇ ਸ਼ਹਿਰ ਦੀ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਹਫਤੇ ਭਰ ਦਾ ਸਮਾਂ ਮੰਗਿਆ ਸੀ।
ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨ (ਉੱਤਰ) ਹਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਲਕਸ਼ਮੀ ਨਗਰ ਦੇ ਵਿਧਾਇਕ ਸੋਮਵਾਰ ਨੂੰ ਸ਼ਾਮ 3 ਵਜੇ ਸਿਵਲ ਲਾਈਨਜ਼ ਥਾਣੇ 'ਚ ਪੁੱਜੇ। ਉਨ੍ਹਾਂ ਤੋਂ ਕਰੀਬ 3 ਘੰਟੇ ਤੱਕ ਪੁੱਛ-ਗਿੱਛ ਹੋਈ। ਤਿਆਗੀ ਦੀ ਭੂਮਿਕਾ ਇਸ ਮਾਮਲੇ 'ਚ ਜਾਂਚ ਦੇ ਦਾਇਰੇ 'ਚ ਹੈ, ਕਿਉਂਕਿ ਉਹ 19-20 ਫਰਵਰੀ ਦੀ ਦਰਮਿਆਨੀ ਰਾਤ ਕਥਿਤ ਤੌਰ 'ਤੇ ਕੁੱਟਮਾਰ ਦੀ ਘਟਨਾ ਦੌਰਾਨ ਮੁੱਖ ਮੰਤਰੀ ਘਰ 'ਤੇ ਮੌਜੂਦ ਸਨ। ਘਟਨਾ ਦੇ ਸਮੇਂ ਮੌਜੂਦ 'ਆਪ' ਦੇ ਹੋਰ ਵਿਧਾਇਕ ਰਾਜੇਸ਼ ਰਿਸ਼ੀ ਤੋਂ ਪਿਛਲੇ ਹਫਤੇ ਪੁੱਛ-ਗਿੱਛ ਹੋਈ ਸੀ।
ਪੁਲਸ ਹੋਰ ਵੀ ਵਿਧਾਇਕਾਂ ਨੂੰ ਪੁੱਛ-ਗਿੱਛ ਲਈ ਤਲੱਬ ਕਰ ਸਕਦੀ ਹੈ ਪਰ ਪੁੱਛ-ਗਿੱਛ ਲਈ ਬੁਲਾਏ ਜਾਣ ਵਾਲੇ ਵਿਧਾਇਕਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਕਥਿਤ ਕੁੱਟਮਾਰ ਦੀ ਘਟਨਾ ਦੌਰਾਨ ਕੇਜਰੀਵਾਲ ਤੋਂ ਇਲਾਵਾ ਉਨ੍ਹਾਂ ਦੇ ਘਰ 11 ਹੋਰ ਵਿਧਾਇਕ ਮੌਜੂਦ ਸਨ। ਕੇਜਰੀਵਾਲ ਦੇ ਸਲਾਹਕਾਰ ਵੀ.ਕੇ. ਜੈਨ, ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵੀ ਬੈਠਕ 'ਚ ਹਾਜ਼ਰ ਸਨ। 'ਆਪ' ਦੇ ਹੋਰ ਵਿਧਾਇਕਾਂ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਰਵਾਲ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਦੋਵੇਂ ਅਜੇ ਇਸ ਮਾਮਲੇ 'ਚ ਨਿਆਇਕ ਹਿਰਾਸਤ 'ਚ ਹਨ। ਵੀ.ਕੇ. ਜੈਨ ਤੋਂ ਵੀ ਇਸ ਮਾਮਲੇ 'ਚ ਪੁੱਛ-ਗਿੱਛ ਹੋ ਚੁਕੀ ਹੈ।


Related News