ਜੰਮੂ ਕਸ਼ਮੀਰ : ਹੈਦਰਪੁਰਾ ’ਚ ਹੋਏ ਮੁਕਾਬਲੇ ’ਚ ਜ਼ਖਮੀ ਡਾਕਟਰ ਦੀ ਮੌਤ

Tuesday, Nov 16, 2021 - 05:41 PM (IST)

ਜੰਮੂ ਕਸ਼ਮੀਰ : ਹੈਦਰਪੁਰਾ ’ਚ ਹੋਏ ਮੁਕਾਬਲੇ ’ਚ ਜ਼ਖਮੀ ਡਾਕਟਰ ਦੀ ਮੌਤ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਹੈਦਰਪੁਰਾ ’ਚ ਹੋਏ ਮੁਕਾਬਲੇ ’ਚ ਜ਼ਖਮੀ ਇਕ ਡਾਕਟਰ ਦੀ ਮੰਗਲਵਾਰ ਤੜਕੇ ਮੌਤ ਹੋ ਗਈ। ਇਸ ਦੇ ਨਾਲ ਹੀ ਮੁਕਾਬਲੇ ’ਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਦਾਸਿਰ ਗੁਲ ਸੋਮਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ’ਚ ਜ਼ਖਮੀ ਹੋ ਗਏ ਸਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਉਹ ਦੰਦਾਂ ਦੇ ਡਾਕਟਰ ਸਨ। ਪੁਲਸ ਨੇ ਦੱਸਿਆ ਕਿ ਹੈਦਰਪੁਰਾ ਇਲਾਕੇ ’ਚ ਸੋਮਵਾਰ ਸ਼ਾਮ ਹੋਏ ਮੁਕਾਬਲੇ ’ਚ 2 ਅੱਤਵਾਦੀ ਅਤੇ ਉਨ੍ਹਾਂ ਦਾ ਇਕ ਸਾਥੀ ਮਾਰਿਆ ਗਿਆ ਸੀ। ਇਨ੍ਹਾਂ ’ਚੋਂ ਇਕ ਦੀ ਪਛਾਣ ਮੁਹੰਮਦ ਅਲਤਾਫ਼ ਭਟ ਦੇ ਤੌਰ ’ਤੇ ਹੋਈ ਹੈ।

ਭਟ ਦੀ ਮੁਕਾਬਲੇ ਵਾਲੀ ਜਗ੍ਹਾ ਕੋਲ ਹਾਰਡਵੇਅਰ ਦੀ ਇਕ ਦੁਕਾਨ ਸੀ ਅਤੇ ਉਹ ਸੀਮੈਂਟ ਡੀਲਰ ਵੀ ਸੀ। ਕਸ਼ਮੀਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਅੱਤਵਾਦੀਆਂ ਦੀ ਗੋਲੀਬਾਰੀ ’ਚ ਇਕ ਨਾਗਰਿਕ ਜ਼ਖਮੀ ਹੋ ਗਿਆ। ਕੁਮਾਰ ਨੇ ਟਵੀਟ ਕੀਤਾ,‘‘ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ’ਚ ਜ਼ਖਮੀ ਹੋਏ ਮਕਾਨ ਮਾਲਕ ਦੀ ਮੌਤ ਹੋ ਗਈ ਹੈ। ਉਸ ਦੇ ਮਕਾਨ ਦੀ ਪਹਿਲੀ ਮੰਜ਼ਲ ’ਤੇ ਅੱਤਵਾਦੀ ਲੁਕੇ ਸਨ। ਸੂਤਰਾਂ ਅਤੇ ਡਿਜੀਟਲ ਸਬੂਤ ਅਨੁਸਾਰ, ਉਹ ਅੱਤਵਾਦੀਆਂ ਦੇ ਇਕ ਸਹਿਯੋਗੀ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਤਲਾਸ਼ ਮੁਹਿੰਮ ਹਾਲੇ ਵੀ ਜਾਰੀ ਹੈ।’’ ਭਟ ਦੇ ਪਰਿਵਾਰ ਨੇ ਹਾਲਾਂਕਿ ਉਸ ਦੇ ਅੱਤਵਾਦੀਆਂ ਨਾਲ ਕੋਈ ਸੰਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ।


author

DIsha

Content Editor

Related News