ਬੇਲਗਾਮ ਮਹਿੰਗਾਈ; ‘ਅੱਛੇ ਦਿਨ’ ਦਾ ਸੁਫ਼ਨਾ ਵਿਖਾ ਕੇ ਜਨਤਾ ਨੂੰ ਵਿਖਾਏ ਜਾ ਰਹੇ ‘ਮਹਿੰਗੇ ਦਿਨ’
Tuesday, Nov 16, 2021 - 04:03 PM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਬੇਲਗਾਮ ਮਹਿੰਗਾਈ ਦੀ ਰਫ਼ਤਾਰ ਕਾਰਨ ਪਹਿਲਾਂ ਤੋਂ ਹੀ ਪਰੇਸ਼ਾਨ ਲੋਕ ਹੋਰ ਵੱਧ ਸੰਕਟ ’ਚ ਘਿਰ ਗਏ ਹਨ। ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਆਮ ਆਦਮੀ ਹੋਰ ਵੀ ਗਰੀਬ ਹੋਇਆ ਹੈ ਅਤੇ ਇਸ ਦੌਰਾਨ ਮਹਿੰਗਾਈ ਕਿਸ ਰਫ਼ਤਾਰ ਨਾਲ ਵਧੀ, ਇਸ ਦਾ ਅਨੁਮਾਨ ਸਰਕਾਰੀ ਅੰਕੜਾ ਵੇਖ ਕੇ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਸਰਕਾਰ ਆਪਣਾ ਖਜ਼ਾਨਾ ਭਰਨ ਲਈ ਜਨਤਾ ’ਤੇ ਲਗਾਤਾਰ ਬੋਝ ਵਧਾਉਂਦੀ ਜਾ ਰਹੀ ਹੈ।
ਪਾਰਟੀ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਦੇ ਮੁਕਾਬਲੇ ਅਕਤੂਬਰ ’ਚ ਥੋਕ ਮਹਿੰਗਾਈ ਦੇ ਦਲਦਲ ’ਚ ਫਸ ਕੇ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਰਟੀ ਨੇ ਕਿਹਾ ਕਿ ਦੇਸ਼ ਵਿਚ ਮਹਿੰਗਾਈ ਪੂਰੀ ਤਰ੍ਹਾਂ ਬੇਲਗਾਮ ਹੋ ਗਈ ਹੈ। ਜਨਤਾ ’ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਆਮਦਨ ’ਚ ਘਾਟ ਆਈ ਹੈ ਤਾਂ ਦੂਜੇ ਪਾਸੇ ਮਹਿੰਗਾਈ ਦਰ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ‘ਅੱਛੇ ਦਿਨ’ ਦਾ ਸੁਫ਼ਨਾ ਵਿਖਾ ਕੇ ਜਨਤਾ ਨੂੰ ਮਹਿੰਗੇ ਦਿਨ ਵਿਖਾਏ ਜਾ ਰਹੇ ਹਨ।