ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਉੜੀ ਸੈਕਟਰ ''ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ
Saturday, May 13, 2023 - 10:02 AM (IST)
ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਤੜਕੇ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਚੌਕਸ ਜਵਾਨਾਂ ਨੇ ਇਸ ਨੂੰ ਅਸਫ਼ਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ੌਜ ਨੇ ਸੰਘਣੇ ਜੰਗਲ ਵਾਲੇ ਇਲਾਕੇ ਤੋਂ ਸੰਭਾਵਿਤ ਬਰਾਮਦਗੀ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਪੱਖਾਂ ਵਿਚਾਲੇ ਕੁਝ ਦੇਰ ਹੋਈ ਗੋਲੀਬਾਰੀ ਤੋਂ ਬਾਅਦ ਪਾਕਿਸਤਾਨ ਵਲੋਂ ਘਟਨਾ ਸਥਾਨ 'ਤੇ ਇਕ 'ਕਵਾਡਕਾਪਟਰ' ਉਡਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਇਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨੀਆਂ ਨੇ 'ਕਵਾਡਕਾਪਟਰ' ਵਾਪਸ ਬੁਲਾ ਲਿਆ। ਅਧਿਕਾਰੀਆਂ ਨੇ ਕਿਹਾ ਕਿ 'ਕਵਾਡਕਾਪਟਰ' ਦੇ ਇਸਤੇਮਾਲ ਨਾਲ ਅੱਤਵਾਦੀਆਂ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਮਿਲੀਭਗਤ ਅਤੇ ਘੁਸਪੈਠ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਵਲੋਂ ਮਦਦ ਪ੍ਰਦਾਨ ਕਰਨ ਦੀ ਗੱਲ ਦਾ ਪਤਾ ਲੱਗਦਾ ਹੈ। ਕਵਾਡਕਾਪਟਰ ਇਕ ਖ਼ਾਸ ਤਰ੍ਹਾਂ ਦਾ ਡਰੋਨ ਹੁੰਦਾ ਹੈ।