ਕੰਟਰੋਲ ਲਾਈਨ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਢੇਰ

Thursday, Aug 29, 2024 - 10:45 PM (IST)

ਕੰਟਰੋਲ ਲਾਈਨ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਢੇਰ

ਜੰਮੂ/ਸ੍ਰੀਨਗਰ, (ਅਰੁਣ)- ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਨੇ ਉੱਤਰੀ ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲੇ ਵਿਚ ਕੰਟਰੋਲ ਲਾਈਨ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਸ ਤੋਂ ਪਹਿਲਾਂ ਕੁਪਵਾੜਾ ਜ਼ਿਲੇ ਦੇ ਮਾਛਿਲ ਵਿਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਸ ਅਤੇ ਫੌਜ ਵਿਚਾਲੇ ਸੰਪੂਰਨ ਤਾਲਮੇਲ ਨਾਲ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਗਈ, ਜਿਸ ਦੇ ਨਤੀਜੇ ਵਜੋਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਕਰਨਾਹ ਅਤੇ ਤੰਗਧਾਰ ਖੇਤਰਾਂ ’ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।

ਪੁਲਸ ਬੁਲਾਰੇ ਮੁਤਾਬਕ ਸੁਰੱਖਿਆ ਬਲਾਂ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਅਤੇ ਕੁਪਵਾੜਾ ਵਿਚ ਕੰਟਰੋਲ ਲਾਈਨ ਦੇ ਉਸ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਮਨੁੱਖੀ ਖੁਫੀਆ ਜਾਣਕਾਰੀ ਵਿਕਸਿਤ ਕਰਨ ’ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਕਰਨਾਹ ਸੈਕਟਰ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਮਿਲੀ ਖਾਸ ਖ਼ੁਫ਼ੀਆ ਸੂਚਨਾ ਸਬੰਧਤ ਫ਼ੌਜੀ ਯੂਨਿਟਾਂ ਨਾਲ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਅਤੇ ਫ਼ੌਜ ਵੱਲੋਂ ਸਾਂਝੀ ਨਾਕਾਬੰਦੀ ਕਰ ਦਿੱਤੀ ਗਈ ਸੀ।

ਕਰਨਾਹ ਮੁਕਾਬਲੇ ਵਾਲੀ ਥਾਂ ਤੋਂ ਇਕ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਹੋਰ ਕਾਨੂੰਨੀ ਰਸਮਾਂ ਚੱਲ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਜ਼ਿਲਾ ਕੁਪਵਾੜਾ ਵਿਚ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਇਹ 6ਵੀਂ ਮੁਹਿੰਮ ਹੈ ਜਿਸਦੇ ਨਤੀਜੇ ਵਜੋਂ ਹੁਣ ਤੱਕ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ, ਜਿਨ੍ਹਾਂ ਵਿਚ ਸਾਰੇ ਵਿਦੇਸ਼ੀ ਅੱਤਵਾਦੀ ਸ਼ਾਮਲ ਹਨ।


author

Rakesh

Content Editor

Related News