ਨਵਾਂ ਇਨਕਮ ਟੈਕਸ ਬਿੱਲ ਲਿਆਉਣ ਦੀ ਤਿਆਰੀ ’ਚ ਸਰਕਾਰ, CBDT ਨੇ ਇੰਡਸਟ੍ਰੀ ਤੋਂ ਮੰਗੇ ਸੁਝਾਅ

Monday, Feb 03, 2025 - 06:59 PM (IST)

ਨਵਾਂ ਇਨਕਮ ਟੈਕਸ ਬਿੱਲ ਲਿਆਉਣ ਦੀ ਤਿਆਰੀ ’ਚ ਸਰਕਾਰ, CBDT ਨੇ ਇੰਡਸਟ੍ਰੀ ਤੋਂ ਮੰਗੇ ਸੁਝਾਅ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਮੁਖੀ ਰਵੀ ਅਗਰਵਾਲ ਨੇ ਉਦਯੋਗ ਜਗਤ ਨੂੰ ਨਵੇਂ ਇਨਕਮ ਟੈਕਸ ਬਿੱਲ ’ਤੇ ਆਪਣੇ ਸੁਝਾਅ ਦੇਣ ਲਈ ਕਿਹਾ ਹੈ। ਇਹ ਬਿੱਲ ਇਸ ਹਫਤੇ ਸੰਸਦ ’ਚ ਪੇਸ਼ ਕੀਤਾ ਜਾਵੇਗਾ। ਨਵਾਂ ਇਨਕਮ ਟੈਕਸ ਬਿੱਲ 6 ਦਹਾਕੇ ਪੁਰਾਣੇ ਇਨਕਮ ਟੈਕਸ ਕਾਨੂੰਨ, 1961 ਦੀ ਜਗ੍ਹਾ ਲੈ ਸਕਦਾ ਹੈ। ਇਸ ਨੂੰ 6 ਮਹੀਨਿਆਂ ਦੇ ਅੰਦਰ ਤਿਆਰ ਕੀਤਾ ਗਿਆ ਹੈ।

ਟੈਕਸਦਾਤਾਵਾਂ ਲਈ ਟੈਕਸ ਪਾਲਣਾ ਨੂੰ ਆਸਾਨ ਬਣਾਉਣ ਤੇ ਇਸ ਨੂੰ ਪੜਨ ਤੇ ਸਮਝਣ ’ਚ ਸੌਖਾ ਬਣਾਉਣ ਲਈ ਭਾਸ਼ਾ ਨੂੰ ਸਰਲ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਗਰਵਾਲ ਨੇ ਕਿਹਾ ਕਿ ਨਵਾਂ ਬਿੱਲ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ। ਇਸ ਤੋਂ ਇਲਾਵਾ ਨਵੇਂ ਕਾਨੂੰਨ ਨੂੰ ਸੰਖੇਪ ਬਣਾਇਆ ਗਿਆ ਹੈ ਕਿਉਂਕਿ ਪੁਰਾਣੀਆਂ ਵਿਵਸਥਾਵਾਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਇਹ ਘੱਟ ਔਖਾ ਹੋ ਗਿਆ ਹੈ।

ਉਨ੍ਹਾਂ ਨੇ ਉਦਯੋਗ ਜਗਤ ਨੂੰ ਕਿਹਾ ਕਿ ਨਵਾਂ ਬਿੱਲ ਪੇਸ਼ ਹੋਣ ਤੋਂ ਬਾਅਦ ਉਹ ਆਪਣੇ ਸੁਝਾਅ ਦੇਣ ਤੇ ਭਰੋਸਾ ਦਿੱਤਾ ਕਿ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਅੱਪਡੇਟ ਕੀਤੇ ਇਨਕਮ ਟੈਕਸ ਰਿਟਰਨ (ITR-U) ਬਾਰੇ, ਅਗਰਵਾਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 90 ਲੱਖ ਅਜਿਹੇ ਰਿਟਰਨ ਦਾਇਰ ਕੀਤੇ ਗਏ ਹਨ। ਇਸ ਨਾਲ ਲਗਭਗ 8,500 ਕਰੋੜ ਰੁਪਏ ਦਾ ਵਾਧੂ ਮਾਲੀਆ ਹਾਸਲ ਹੋਇਆ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਬਜਟ ਭਾਸ਼ਣ ’ਚ ਕਿਹਾ ਸੀ ਕਿ ਕਿਸੇ ਵੀ ਸਮੀਖਿਆ ਸਾਲ ਲਈ ਅਪਡੇਟ ਆਈ. ਟੀ. ਆਰ. ਦਾਖਲ ਕਰਨ ਦੀ ਸਮਾਂ ਹੱਦ 2 ਸਾਲਾਂ ਤੋਂ ਵਧਾ ਕੇ 4 ਸਾਲ ਕਰ ਦਿੱਤੀ ਜਾਵੇਗੀ।


author

cherry

Content Editor

Related News