''ਮੈਨੂੰ ਲੱਗਾ ਹੁਣ ਜ਼ਿੰਦਗੀ ਖ਼ਤਮ ਹੋ ਗਈ...'', ਜਹਾਜ਼ ''ਚ ਫਸੀ TMC ਨੇਤਾ ਨੇ ਸੁਣਾਈ ਹੱਡ ਬੀਤੀ
Thursday, May 22, 2025 - 10:54 AM (IST)

ਨੈਸ਼ਨਲ ਡੈਸਕ- ਬੁੱਧਵਾਰ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ ਵਿਚ ਜੋ ਕੁਝ ਹੋਇਆ, ਉਹ ਸੈਂਕੜੇ ਯਾਤਰੀਆਂ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ। ਆਸਮਾਨ ਵਿਚ ਅਚਾਨਕ ਮੌਸਮ ਦਾ ਮਿਜਾਜ਼ ਅਜਿਹਾ ਬਦਲਿਆ ਕਿ ਜਹਾਜ਼ ਤੂਫ਼ਾਨੀ ਹਵਾਵਾਂ ਅਤੇ ਗੜੇਮਾਰੀ 'ਚ ਫਸ ਗਿਆ। ਫਲਾਈਟ ਨੰਬਰ-6E 2142 'ਚ ਮੌਜੂਦ ਯਾਤਰੀਆਂ ਨੇ ਜਦੋਂ ਜਹਾਜ਼ ਨੂੰ ਹਿੱਲਦੇ ਅਤੇ ਜ਼ੋਰਦਾਰ ਝਟਕਿਆਂ ਵਿਚਾਲੇ ਕੰਬਦੇ ਵੇਖਿਆ, ਤਾਂ ਹਰ ਕੋਈ ਡਰ ਗਿਆ। ਕੋਈ ਪ੍ਰਾਰਥਨਾ ਕਰ ਰਿਹਾ ਸੀ ਤਾਂ ਕੋਈ ਆਪਣੇ ਪਿਆਰਿਆਂ ਨੂੰ ਯਾਦ ਕਰ ਰਿਹਾ ਸੀ।
ਇਸ ਭਿਆਨਕ ਤਜ਼ਰਬੇ ਨੂੰ ਝੱਲਣ ਵਾਲਿਆਂ ਵਿਚ ਤ੍ਰਿਣਮੂਲ ਕਾਂਗਰਸ (TMC) ਦਾ 5 ਮੈਂਬਰੀ ਵਫ਼ਦ ਵੀ ਸ਼ਾਮਲ ਸੀ। TMC ਨੇਤਾ ਸਾਗਰਿਕਾ ਘੋਸ਼ ਨੇ ਕਿਹਾ ਕਿ ਉਹ ਪਲ ਅਜਿਹਾ ਸੀ ਜਿਵੇਂ ਮੌਤ ਨਾਲ ਆਹਮਣਾ-ਸਾਹਮਣਾ ਹੋ ਗਿਆ ਹੋਵੇ। ਮੈਂ ਸੋਚ ਰਹੀ ਸੀ ਕਿ ਹੁਣ ਜ਼ਿੰਦਗੀ ਖ਼ਤਮ ਹੋਣ ਵਾਲੀ ਹੈ।
ਪਾਇਲਟ ਨੇ ਖਰਾਬ ਮੌਸਮ 'ਚ ਵੀ ਦਿਖਾਈ ਹਿੰਮਤ
ਜਦੋਂ 227 ਯਾਤਰੀਆਂ ਨੂੰ ਲੈ ਕੇ ਉਡਾਣ ਸ਼੍ਰੀਨਗਰ ਦੇ ਨੇੜੇ ਪਹੁੰਚੀ, ਤਾਂ ਮੌਸਮ ਅਚਾਨਕ ਵਿਗੜ ਗਿਆ। ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਦੇ ਵਿਚਕਾਰ ਜਹਾਜ਼ ਹਿੱਲਣ ਲੱਗ ਪਿਆ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਪਾਇਲਟ ਨੂੰ ਐਮਰਜੈਂਸੀ ਬਾਰੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕਰਨਾ ਪਿਆ। ਸ਼ੱਕਰ ਹੈ ਕਿ ਇੰਡੀਗੋ ਦੇ ਕੈਪਟਨ ਨੇ ਸੰਜਮ ਅਤੇ ਕੁਸ਼ਲਤਾ ਦਿਖਾਈ ਅਤੇ ਜਹਾਜ਼ ਨੂੰ ਸ਼੍ਰੀਨਗਰ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਡਰ ਦਾ ਵੀਡੀਓ
ਘਟਨਾ ਤੋਂ ਬਾਅਦ ਕੁਝ ਯਾਤਰੀਆਂ ਨੇ ਇਸ ਡਰਾਉਣੇ ਅਨੁਭਵ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ, ਜਿਸ ਵਿਚ ਯਾਤਰੀਆਂ ਨੂੰ ਚੀਕਦੇ ਅਤੇ ਪ੍ਰਾਰਥਨਾ ਕਰਦੇ ਦੇਖਿਆ ਜਾ ਸਕਦਾ ਹੈ। ਇਕ ਯਾਤਰੀ ਸ਼ੇਖ ਸਮੀਉੱਲਾਹ ਨੇ ਲਿਖਿਆ, "ਮੈਂ ਵਾਲ-ਵਾਲ ਬਚ ਗਿਆ। ਇਸ ਸੁਰੱਖਿਅਤ ਲੈਂਡਿੰਗ ਲਈ ਪਾਇਲਟ ਨੂੰ ਸਲਾਮ।
ਸਾਗਰਿਕਾ ਘੋਸ਼ ਨੇ ਸਾਂਝਾ ਕੀਤਾ ਅਨੁਭਵ
TMC ਨੇਤਾ ਸਾਗਰਿਕਾ ਘੋਸ਼ ਨੇ ਕਿਹਾ ਕਿ ਜਦੋਂ ਫਲਾਈਟ ਲੈਂਡ ਹੋਈ, ਤਾਂ ਅਸੀਂ ਦੇਖਿਆ ਕਿ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ। ਸੰਸਦ ਮੈਂਬਰ ਡੇਰੇਕ ਓਬ੍ਰਾਇਨ, ਨਦੀਮੁਲ ਹੱਕ, ਮਾਨਸ ਭੁਈਆਂ ਅਤੇ ਮਮਤਾ ਠਾਕੁਰ, ਜੋ ਉਨ੍ਹਾਂ ਨਾਲ ਮੌਜੂਦ ਸਨ, ਨੇ ਵੀ ਇਸ ਘਟਨਾ ਦੇ ਗਵਾਹ ਬਣੇ।