ਜਲਵਾਯੂ ਸੁਰੱਖਿਆ ਸੂਚੀ ’ਚ ਭਾਰਤ ਦੀ ਰੈਂਕਿੰਗ ਸੁਧਰੀ, 8ਵੇਂ ਨੰਬਰ ’ਤੇ ਆਇਆ
Wednesday, Nov 16, 2022 - 12:33 PM (IST)

ਨਵੀਂ ਦਿੱਲੀ (ਭਾਸ਼ਾ)– ਭਾਰਤ ਜਲਵਾਯੂ ਤਬਦੀਲੀ ਪ੍ਰਦਰਸ਼ਨ ਸੂਚਕ ਅੰਕ 2023 ਵਿਚ 63 ਦੇਸ਼ਾਂ/ਸੰਘਾਂ ਦੀ ਸੂਚੀ ਵਿਚ 2 ਸਥਾਨ ਉੱਪਰ ਚੜ੍ਹ ਕੇ 8ਵੇਂ ਸਥਾਨ ’ਤੇ ਆ ਗਿਆ ਹੈ ਅਤੇ ਇਸ ਦਾ ਸਿਹਰਾ ਉਸ ਦੇ ਘੱਟ ਨਿਕਾਸ ਅਤੇ ਨਵੀਨੀਕਰਨ ਊਰਜਾ ਦੇ ਲਗਾਤਾਰ ਵਧਦੇ ਉਪਯੋਗ ਨੂੰ ਜਾਂਦਾ ਹੈ। ਵਾਤਾਵਰਣ ਦੇ ਖੇਤਰ ਵਿਚ ਕੰਮ ਕਰਨ ਵਾਲੇ 3 ਗੈਰ-ਸਰਕਾਰੀ ਸੰਗਠਨਾਂ ਨੇ ਸੋਮਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ। ਇਹ ਤਿੰਨੋਂ ਸੰਗਠਨ ਯੂਰਪੀ ਸੰਘ ਅਤੇ 59 ਦੇਸ਼ਾਂ ਦੇ ਜਲਵਾਯੂ ਸੰਬੰਧੀ ਕਾਰਜ ਪ੍ਰਦਰਸ਼ਨ ’ਤੇ ਨਜ਼ਰ ਰੱਖਦੇ ਹਨ। ਵਿਸ਼ਵ ਵਿਚ ਗ੍ਰੀਨ ਹਾਊਸ ਗੈਸ ਦਾ 92 ਫੀਸਦੀ ਨਿਕਾਸ ਇਨ੍ਹਾਂ ਹੀ ਦੇਸ਼ਾਂ ਵਿਚ ਹੁੰਦਾ ਹੈ।
ਜਰਮਨਵਾਚ, ਨਿਊ ਕਲਾਈਮੇਟ ਇੰਸਟੀਚਿਊਟ ਅਤੇ ਕਲਾਈਮੇਟ ਐਕਸ਼ਨ ਨੈੱਟਵਰਕ ਦੀ ਇਹ ਰੈਂਕਿੰਗ ਇਸ ਗੱਲ ’ਤੇ ਆਧਾਰਿਤ ਹੈ ਕਿ ਕਿਸ ਤਰ੍ਹਾਂ ਇਹ ਦੇਸ਼ 2030 ਤੱਕ ਆਪਣਾ ਨਿਕਾਸ ਅੱਧਾ ਕਰਨ ਅਤੇ ਖਤਰਨਾਕ ਜਲਵਾਯੂ ਤਬਦੀਲੀ ਨੂੰ ਰੋਕਣ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ ਅਤੇ ਕੀ ਕਰ ਰਹੇ ਹਨ। ਇਸ ਰਿਪੋਰਟ ਵਿਚ ਪਹਿਲੇ 3 ਸਥਾਨ ਖਾਲੀ ਰੱਖੇ ਗਏ ਹਨ ਕਿਉਂਕਿ ਕਿਸੇ ਵੀ ਦੇਸ਼ ਨੇ ਸੂਚਕ ਅੰਕ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਇੰਨਾ ਪ੍ਰਦਰਸ਼ਨ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਸੰਪੂਰਨ ਚੰਗੀ ਰੇਟਿੰਗ ਦਿੱਤੀ ਜਾਵੇ, ਉਸ ਨੇ ਡੈਨਮਾਰਕ ਨੂੰ ਚੌਥੇ, ਸਵੀਡਨ ਨੂੰ ਪੰਜਵੇਂ ਅਤੇ ਚਿਲੀ ਨੂੰ ਛੇਵੇਂ ਸਥਾਨ ’ਤੇ ਰੱਖਿਆ ਹੈ।