ਭਾਰਤ ਦੇ ਸਭ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਮੌਤ
Monday, Aug 21, 2023 - 04:08 PM (IST)
ਤੇਜਪੁਰ, (ਆਸਾਮ)- ਅਸਾਮ ਦੇ ਸੋਨੀਤਪੁਰ ਜ਼ਿਲ੍ਹੇ 'ਚ ਭਾਰਤ ਦੇ ਸਭ ਤੋਂ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਸੋਮਵਾਰ ਨੂੰ 89 ਸਾਲ ਦੀ ਉਮਰ 'ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਿਜੁਲੀ ਪ੍ਰਸਾਦ ਨਾਂ ਦੇ ਵੱਡੇ ਹਾਥੀ ਨੇ ਉਮਰ ਸੰਬੰਧੀ ਸਮੱਸਿਆਵਾਂ ਦੇ ਚਲਦੇ ਤੜਕੇ ਕਰੀਬ ਸਾਢੇ ਤਿੰਨ ਵਜੇ ਦਿ ਵਿਲੀਅਮਸਨ ਮੇਗਰ ਗਰੁੱਪ ਦੇ ਬੇਹਲੀ ਚਾਹ ਦੇ ਬਾਗ 'ਚ ਆਖਰੀ ਸਾਹ ਲਿਆ।
ਬਿਜੁਲੀ ਪ੍ਰਸਾਦ ਨਾਲ ਜੁੜੇ ਪਸ਼ੁ ਪ੍ਰੇਮੀਆਂ, ਚਾਹ ਦੇ ਬਾਗ ਦੇ ਕਾਮਿਆਂ ਅਤੇ ਸਥਾਨਕ ਨਿਵਾਸੀਆਂ ਨੇ ਉਸਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਚਾਹ ਦੇ ਬਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਿਜੁਲੀ ਪ੍ਰਸਾਦ ਦਿ ਵਿਲੀਅਮਸਨ ਮੇਗਰ ਗਰੁੱਪ ਲਈ ਗਰਵ ਦਾ ਪ੍ਰਤੀਕ ਸੀ। ਇਸਨੂੰ ਇਕ ਬੱਚੇ ਦੇ ਤੌਰ 'ਤੇ ਪਹਿਲੇ ਬਾਰਗੰਗ ਚਾਹ ਦੇ ਬਾਗ 'ਚ ਲਿਆਇਆ ਗਿਆ ਸੀ ਅਤੇ ਜਦੋਂ ਕੰਪਨੀ ਨੇ ਬਾਰਗੰਗ ਚਾਹ ਦਾ ਬਾਗ ਵੇਚ ਦਿੱਤਾ ਤਾਂ ਇਸਨੂੰ ਇਥੇ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਹਾਥੀ ਚਾਹ ਦੇ ਬਾਗ 'ਚ ਸ਼ਾਹੀ ਜੀਵਨ ਬਿਤਾ ਰਿਹਾ ਸੀ। ਅਨੁਮਾਨ ਦੇ ਮੁਤਾਬਕ, ਹਾਥੀ ਦੀ ਉਮਰ 89 ਸਾਲ ਸੀ।
ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਅਤੇ ਹਾਥੀਆਂ ਦੇ ਪ੍ਰਸਿੱਧ ਸਰਜਨ ਡਾਕਟਰ ਕੁਸ਼ਲ ਕੋਂਵਰ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਥੋਂ ਤਕ ਮੈਨੂੰ ਜਾਣਕਾਰੀ ਹੈ, ਬਿਜੁਲੀ ਪ੍ਰਸਾਦ ਭਾਰਤ ਦਾ ਸਭ ਤੋਂ ਜ਼ਿਆਦਾ ਉਮਰ ਦਾ ਪਾਲਤੂ ਹਾਥੀ ਸੀ। ਉਨ੍ਹਾਂ ਕਿਹਾ ਕਿ ਆਮਤੌਰ 'ਤੇ ਜੰਗਲੀ, ਏਸ਼ੀਆਈ ਹਾਥੀ 62 ਤੋਂ 65 ਸਾਲਾਂ ਤਕ ਜਿਊਂਦੇ ਹਨ ਜਦਕਿ ਪਾਲਤੂ ਹਾਥੀ ਨੂੰ ਜੇਕਰ ਚੰਗੀ ਦੇਖਭਾਲ ਮਿਲੇ ਤਾਂ ਉਹ 80 ਸਾਲਾਂ ਤਕ ਜੀਅ ਸਕਦਾ ਹੈ। ਸ਼ਰਮਾ ਨੇ ਕਿਹਾ ਕਿ 8-10 ਸਾਲ ਪਹਿਲਾਂ ਬਿਜੁਲੀ ਪ੍ਰਸਾਦ ਦੇ ਸਾਰੇ ਦੰਦ ਝੜ ਗਏ ਸਨ, ਜਿਸਤੋਂ ਬਾਅਦ ਉਹ ਕੁਝ ਖਾ ਨਹੀਂ ਪਾ ਰਿਹਾ ਸੀ ਅਤੇ ਮਰਨ ਵਾਲਾ ਸੀ। ਮੈਂ ਉਥੇ ਗਿਆ ਅਤੇ ਉਸਦਾ ਇਲਾਜ ਕੀਤਾ। ਮੈਂ ਉਸਦਾ ਪੂਰਾ ਨਿਯਮਿਤ ਭੋਜਨ ਬਦਲਵਾ ਦਿੱਤਾ ਅਤੇ ਉਸਨੂੰ ਜ਼ਿਆਦਾਤਰ ਉਬਲਿਆ ਹੋਇਆ ਭੋਜਨ ਜਿਵੇਂ ਚੌਲ ਅਤੇ ਹਾਈ ਪ੍ਰੋਟੀਨ ਵਾਲਾ ਸੋਇਆਬੀਨ ਦਿੱਤਾ ਜਾਣ ਲੱਗਾ। ਇਸ ਨਾਲ ਉਸਦੀ ਉਮਰ ਵੱਧ ਗਈ।
ਬੇਹਲੀ ਚਾਹ ਦੇ ਬਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਥੀ ਨੂੰ ਰੋਜ਼ 25 ਕਿਲੋ ਭੋਜਨ ਦਿੱਤਾ ਜਾਂਦਾ ਸੀ।