ਬਜ਼ੁਰਗਾਂ ਨਾਲ ਠੱਗੀ ! 21 ਸਾਲਾ ਭਾਰਤੀ ਨੌਜਵਾਨ ਅਮਰੀਕਾ ''ਚ ਹੋ ਗਿਆ ਗ੍ਰਿਫ਼ਤਾਰ
Wednesday, Aug 27, 2025 - 12:51 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ 'ਚ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਉੱਥੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਹੋਰ ਭਾਰਤੀ-ਗੁਜਰਾਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਸਕਾਨਸਿਨ ਸਟੇਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਗੁਜਰਾਤੀ ਦੀ ਪਛਾਣ ਰੌਸ਼ਨ ਸ਼ਾਹ ਦੇ ਵਜੋਂ ਹੋਈ ਹੈ ਤੇ ਉਸ ਦੀ ਉਮਰ ਸਿਰਫ਼ 21 ਸਾਲ ਹੈ।
ਫੈਡਰਲ ਗ੍ਰੈਂਡ ਜਿਊਰੀ ਨੇ ਰੌਸ਼ਨ 'ਤੇ ਮਨੀ ਲਾਂਡਰਿੰਗ 'ਚ ਸ਼ਮੂਲੀਅਤ ਅਤੇ ਸੀਨੀਅਰ ਸਿਟੀਜ਼ਨਜ਼ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਮਾਮਲੇ ਵਿੱਚ ਰੌਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿੱਚ ਪੀੜਤ ਤੋਂ ਉਸ ਨੇ ਪੰਜ ਲੱਖ ਡਾਲਰ ਦੀ ਕੀਮਤ ਦੇ ਸੋਨੇ ਦੀ ਜ਼ਬਰਦਸਤੀ ਵਸੂਲੀ ਕੀਤੀ ਗਈ ਸੀ।
ਪੀੜਤ ਨੇ ਦੱਸਿਆ ਕਿ ਉਸ ਨੇ ਇਹ ਸੋਨਾ ਆਪਣੇ-ਆਪ ਨੂੰ ਇੱਕ ਸੰਘੀ ਏਜੰਟ ਦੱਸ ਰਹੇ ਵਿਅਕਤੀ ਨੂੰ ਦੇ ਰਹੇ ਸਨ, ਪਰ ਅਸਲ ਵਿੱਚ ਮੁਲਜ਼ਮ ਪੀੜਤਾਂ ਨੂੰ ਇਹ ਕਹਿ ਕੇ ਧੋਖਾ ਦੇ ਰਹੇ ਸਨ ਕਿ ਉਨ੍ਹਾਂ ਦੇ ਬੈਂਕ ਖਾਤੇ ਸੁਰੱਖਿਅਤ ਨਹੀਂ ਹਨ ਅਤੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਸੋਨੇ ਵਿੱਚ ਬਦਲ ਰਹੇ ਸਨ। ਰੌਸ਼ਨ ਸ਼ਾਹ ਨਾਮੀ ਵਰਗੇ ਲੋਕਾਂ ਨੂੰ ਪੀੜਤ ਤੋਂ ਸੋਨਾ ਇਕੱਠਾ ਕਰਨ ਲਈ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ- ਟਰੰਪ ਦਾ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਅੱਜ ਤੋਂ ਲਾਗੂ, ਇਨ੍ਹਾਂ ਸੈਕਟਰਾਂ 'ਤੇ ਦਿਖੇਗਾ ਸਭ ਤੋਂ ਜ਼ਿਆਦਾ ਅਸਰ
ਅਦਾਲਤ ਦੇ ਰਿਕਾਰਡ ਅਨੁਸਾਰ ਮੁਲਜ਼ਮ ਰੌਸ਼ਨ ਸ਼ਾਹ 'ਤੇ 19 ਅਗਸਤ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਰੌਸ਼ਨ ਨੇ ਆਪਣੇ ਖਿਲਾਫ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਰੌਸ਼ਨ ਨੇ ਵਿਸਕਾਨਸਿਨ, ਫਲੋਰੀਡਾ, ਐਰੀਜ਼ੋਨਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਹੋਰ ਰਾਜਾਂ ਦੀ ਯਾਤਰਾ ਕੀਤੀ ਤਾਂ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਪੀੜਤਾਂ ਤੋਂ ਨਕਦੀ ਅਤੇ ਸੋਨੇ ਨਾਲ ਭਰੇ ਪਾਰਸਲ ਇਕੱਠੇ ਕੀਤੇ ਜਾ ਸਕਣ।
ਮੁਲਜ਼ਮ ਇਸ ਨਕਦੀ ਜਾਂ ਸੋਨੇ ਨੂੰ ਘੁਟਾਲੇ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਨ। ਘੁਟਾਲੇਬਾਜ਼ ਪੀੜਤਾਂ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਜਾਂ ਇਹ ਕਹਿ ਕੇ ਡਰਾਉਂਦੇ ਸਨ ਕਿ ਉਨ੍ਹਾਂ ਦੇ ਬੈਂਕ ਖਾਤੇ ਸੁਰੱਖਿਅਤ ਨਹੀਂ ਹਨ। ਉਹ ਅਕਸਰ ਆਪਣੇ ਆਪ ਨੂੰ ਸੰਘੀ ਏਜੰਟ ਦੱਸ ਕੇ ਲੋਕਾਂ ਨੂੰ ਝਾਂਸੇ 'ਚ ਲੈਂਦੇ ਸਨ।
ਇਹ ਵੀ ਪੜ੍ਹੋ- 'ਰੂਸ ਨਾਲ ਜੰਗ ਖਤਮ ਕਰਾਉਣ ’ਚ ਯੋਗਦਾਨ ਪਾਵੇਗਾ ਭਾਰਤ' : ਜ਼ੇਲੈਂਸਕੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e