ਪ੍ਰਵਾਸੀ ਭਾਰਤੀਆਂ ਨੇ ਦੇਸ਼ ਭੇਜੇ 4594 ਅਰਬ ਰੁਪਏ, ਤੋੜਿਆਂ ਬਾਕੀ ਦੇਸ਼ਾਂ ਦਾ ਰਿਕਾਰਡ

04/24/2018 12:33:01 AM

ਨਵੀਂ ਦਿੱਲੀ— ਅਜੋਕੇ ਸਮੇਂ 'ਚ ਵੱਡੀ ਗਿਣਤੀ 'ਚ ਭਾਰਤੀ ਵਿਦੇਸ਼ਾਂ 'ਚ ਵੱਸੇ ਹੋਏ ਹਨ। ਭਾਰਤੀਆਂ ਨੇ ਵਿਦੇਸ਼ਾਂ 'ਚ ਜਿਥੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ, ਉਥੇ ਹੀ ਭਾਰਤੀਆਂ ਨੇ ਵਿਦੇਸ਼ਾਂ 'ਚ ਆਪਣੀਆਂ ਕੰਪਨੀਆਂ ਵੀ ਸਥਾਪਤ ਕਰ ਲਈਆਂ ਹਨ ਪਰ ਇਸ ਸਭ ਦੇ ਬਾਵਜੂਦ ਵੀ ਵਿਦੇਸ਼ਾਂ 'ਚ ਵੱਸਦੇ ਭਾਰਤੀ ਆਪਣੇ ਪਰਿਵਾਰਾਂ ਨਾਲ ਜੁੜੇ ਹੋਏ ਹਨ। ਇਸ ਸਭ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਲ 2017 ਦੌਰਾਨ 69 ਅਰਬ ਡਾਲਰ (ਕਰੀਬ 4594 ਅਰਬ ਰੁਪਏ) ਭੇਜੇ, ਜੋ ਕਿ ਕਿਸੇ ਵੀ ਦੇਸ਼ ਦੇ ਨਾਗਰਿਕਾਂ ਵਲੋਂ ਭੇਜੇ ਗਏ ਪੈਸਿਆਂ 'ਚ ਸਭ ਤੋਂ ਜ਼ਿਆਦਾ ਹਨ। ਵਿਸ਼ਵ ਬੈਂਕ ਨੇ ਕਿਹਾ ਹੈ ਕਿ 2017 'ਚ ਵਿਦੇਸ਼ 'ਚ ਵੱਸੇ ਭਾਰਤੀਆਂ ਨੇ ਆਪਣੇ ਘਰ-ਪਰਿਵਾਰ ਦੇ ਲੋਕਾਂ ਨੂੰ 69 ਅਰਬ ਡਾਲਰ ਭੇਜੇ, ਜੋ ਇਸ ਤੋਂ ਪਿਛਲੇ ਸਾਲ ਦੀ ਤੁਲਨਾ 'ਚ 9.9 ਫੀਸਦੀ ਜ਼ਿਆਦਾ ਹੈ। ਵਿਸ਼ਵ ਬੈਂਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਵਿਦੇਸ਼ 'ਚ ਵੱਸੇ ਭਾਰਤੀਆਂ ਨੇ ਦੇਸ਼ 'ਚ 69 ਅਰਬ ਡਾਲਰ ਭੇਜੇ।
ਇਹ ਇਸ ਤੋਂ ਪਹਿਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੈ ਪਰ 2014 'ਚ ਪ੍ਰਾਪਤ 70.4 ਅਰਬ ਡਾਲਰ ਦੇ ਰੇਮਿਟੈਂਸ ਤੋਂ ਘੱਟ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਰਪ, ਰੂਸ ਤੇ ਅਮਰੀਕਾ 'ਚ ਆਰਥਿਕ ਵਿਕਾਸ ਤੇਜ਼ ਹੋਣ ਨਾਲ ਰੇਮਿਟੈਂਸ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਕਈ ਗਰੀਬ ਦੇਸ਼ਾਂ ਦੀ ਅਰਥਵਿਵਸਥਾ ਦੇ ਲਈ ਰੇਮਿਟੈਂਸ ਵੱਡਾ ਸਹਾਰਾ ਹੁੰਦਾ ਹੈ।
ਵਿਸ਼ਵ ਬੈਂਕ ਦਾ ਕਹਿਣ ਹੈ ਕਿ ਕੱਚੇ ਤੇਲ ਦੇ ਉੱਚੇ ਰੇਟ ਤੇ ਯੂਰੋ ਤੇ ਰੂਬਲ 'ਚ ਆਈ ਮਜ਼ਬੂਤੀ ਨਾਲ ਰੇਮਿਟੈਂਸ ਵਧਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਮੀਖਿਆਧੀਨ ਸਮੇਂ 'ਚ ਜਿਥੇ ਭਾਰਤ ਨੂੰ 69 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ, ਉਥੇ 64 ਅਰਬ ਡਾਲਰ ਦੇ ਨਾਲ ਚੀਨ ਦੂਜੇ ਸਥਾਨ 'ਤੇ ਰਿਹਾ। ਫਿਲਪੀਨਜ਼ ਨੂੰ 33 ਅਰਬ ਡਾਲਰ, ਮੈਕਸੀਕੋ ਨੂੰ 31 ਅਰਬ ਡਾਲਰ, ਨਾਈਜੀਰੀਆ ਨੂੰ 22 ਅਰਬ ਡਾਲਰ ਤੇ ਮਿਸਰ ਨੂੰ 20 ਅਰਬ ਡਾਲਰ ਰੇਮਿਟੈਂਸ ਤੋਂ ਮਿਲੇ।
ਭਾਰਤ ਨੂੰ 2015 'ਚ 68.91 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ ਸੀ, ਜੋ 2016 'ਚ ਘੱਟ ਕੇ 62.74 ਅਰਬ ਡਾਲਰ 'ਤੇ ਆ ਗਿਆ ਸੀ। ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਅਧਿਕਾਰਿਕ ਰੂਪ ਨਾਲ ਘੱਟ ਤੇ ਮੱਧਮ ਇਨਕਮ ਵਾਲੇ ਦੇਸ਼ਾਂ ਨੂੰ 2017 'ਚ 466 ਅਰਬ ਡਾਲਰ ਦਾ ਰੇਮਿਟੈਂਸ ਮਿਲਿਆ ਹੈ। ਇਹ 2016 ਦੇ 429 ਅਰਬ ਡਾਲਰ ਤੋਂ 8.5 ਫੀਸਦੀ ਜ਼ਿਆਦਾ ਹੈ।
ਗਲੋਬਲ ਪੱਧਰ 'ਤੇ ਰੇਮਿਟੈਂਸ 2017 'ਚ 7 ਫੀਸਦੀ ਵਧ ਕੇ 613 ਅਰਬ ਡਾਲਰ ਤੱਕ ਪਹੁੰਚ ਗਿਆ, ਜੋ 2016 'ਚ 573 ਅਰਬ ਡਾਲਰ ਦਾ ਰਿਹਾ ਸੀ। ਰਿਪੋਰਟ 'ਚ ਕਿਹਾ ਗਿਆ ਕਿ ਘੱਟ ਤੇ ਮੱਧਮ ਇਨਕਮ ਵਾਲੇ ਦੇਸ਼ਾਂ ਨੂੰ ਰੇਮਿਟੈਂਸ 2018 'ਚ 4.1 ਫੀਸਦੀ ਵਧ ਕੇ 485 ਅਰਬ ਡਾਲਰ ਤੱਕ ਪਹੁੰਚਣ ਦੀ ਅਨੁਮਾਨ ਹੈ। ਉਥੇ ਗਲੋਬਲ ਪੱਧਰ 'ਤੇ ਇਹ 4.6 ਫੀਸਦੀ ਵਧ ਕੇ 642 ਅਰਬ ਡਾਲਰ 'ਤੇ ਪਹੁੰਚ ਜਾਵੇਗਾ।


Related News