ਆਖ਼ਰਕਾਰ ਝੁਕਿਆ ਪਾਕਿਸਤਾਨ, ਫਰਵਰੀ ਤੋਂ ਅਫ਼ਗਾਨਿਸਤਾਨ ਨੂੰ ਕਣਕ ਦੀ ਖੇਪ ਭੇਜੇਗਾ ਭਾਰਤ
Saturday, Jan 29, 2022 - 05:21 PM (IST)
ਇਸਲਾਮਾਬਾਦ (ਭਾਸ਼ਾ)- ਭਾਰਤ ਵੱਲੋਂ ਪਾਕਿਸਤਾਨ ਦੇ ਰਸਤਿਓਂ ਸੰਕਟਗ੍ਰਸਤ ਅਫ਼ਗਾਨਿਸਤਾਨ ਨੂੰ ਭੇਜੀ ਜਾਣ ਵਾਲੀ ਕਣਕ ਦੀ ਖੇਪ ਦੀ ਸਪਲਾਈ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਮੀਡੀਆ ਵਿਚ ਸ਼ਨੀਵਾਰ ਨੂੰ ਆਈ ਖ਼ਬਰ ਮੁਤਾਬਕ ਭਾਰਤ ਅਤੇ ਪਾਕਿਸਤਾਨ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਕਣਕ ਦੀ ਸਪਲਾਈ ਦੇ ਤੌਰ-ਤਰੀਕਿਆਂ ’ਤੇ ਸਹਿਮਤ ਹੋ ਗਏ ਹਨ। ਦੇਸ਼ ਨੂੰ ਦਰਪੇਸ਼ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਅਫ਼ਗਾਨਿਸਤਾਨ ਨੂੰ ਭਾਰਤ ਨਿਰਵਿਘਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਉਹ ਨੇ ਪਹਿਲਾਂ ਹੀ 50,000 ਟਨ ਕਣਕ ਅਤੇ ਦਵਾਈਆਂਂ ਪਾਕਿਸਤਾਨ ਦੇ ਰਸਤਿਓਂ ਸੜਕੀ ਆਵਾਜਾਈ ਰਾਹੀਂ ਅਫ਼ਗਾਨਿਸਤਾਨ ਭੇਜਣ ਦਾ ਐਲਾਨ ਕਰ ਚੁੱਕਾ ਹੈ। ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਮਨੁੱਖੀ ਸਥਿਤੀ ਵਿਗੜਨ ’ਤੇ ਪਾਕਿਸਤਾਨ ਨੇ ਪਿਛਲੇ ਸਾਲ ਭਾਰਤ ਨੂੰ ਆਪਣੇ ਜ਼ਮੀਨੀ ਰਸਤੇ ਦੀ ਵਰਤੋਂ ਕਰਕੇ 50,000 ਮੀਟ੍ਰਿਕ ਟਨ ਕਣਕ ਅਫ਼ਗਾਨਿਸਤਾਨ ਭੇਜਣ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ: ਅਮਰੀਕਾ: ਡੈਲਟਾ ਦੇ ਮੁਕਾਬਲੇ ਘਾਤਕ ਹੋਇਆ ਓਮੀਕਰੋਨ ਵੇਰੀਐਂਟ, ਵਧੇਰੇ ਮੌਤਾਂ ਦਾ ਬਣ ਰਿਹੈ ਕਾਰਨ
ਡਿਪਲੋਮੈਟਿਕ ਸੂਤਰਾਂ ਨੇ ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਨੂੰ ਦੱਸਿਆ ਕਿ ਫਰਵਰੀ ਵਿਚ ਕਣਕ ਭੇਜਣ ਦਾ ਕੰਮ ਸ਼ੁਰੂ ਹੋ ਜਾਵੇਗਾ। ਨਿਰਧਾਰਤ ਤੌਰ-ਤਰੀਕਿਆਂ ਮੁਤਾਬਕ ਭਾਰਤ ਨੂੰ ਪਹਿਲੀ ਖੇਪ ਦੇ 30 ਦਿਨਾਂ ਦੇ ਅੰਦਰ ਕਣਕ ਦੀ ਕੁੱਲ ਮਾਤਰਾ ਦੀ ਢੋਆ-ਢੁਆਈ ਕਰਨੀ ਹੈ। ਆਪਣੇ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਅਫ਼ਗਾਨਿਸਤਾਨ ’ਤੇ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਧਿਰਾਂ ਨੇ ਤੌਰ-ਤਰੀਕਿਆਂ ’ਤੇ ਸਹਿਮਤ ਹੋਣ ਲਈ ਕਈ ਹਫ਼ਤਿਆਂ ਤੱਕ ਚਰਚਾ ਕੀਤੀ। ਸ਼ੁਰੂ ਵਿਚ, ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਆਪਣੇ ਟਰੱਕਾਂ ਵਿਚ ਕਾਬੁਲ ਵਿਚ ਮਨੁੱਖੀ ਸਹਾਇਤਾ ਸਮੱਗਰੀ ਪਹੁੰਚਾਉਣਾ ਚਾਹੁੰਦਾ ਸੀ। ਭਾਰਤ ਨੇ ਪ੍ਰਸਤਾਵ ਦਿੱਤਾ ਕਿ ਅਨਾਜ ਭਾਰਤੀ ਜਾਂ ਅਫ਼ਗਾਨ ਟਰੱਕਾਂ ਵਿਚ ਅਫ਼ਗਾਨਿਸਤਾਨ ਭੇਜਿਆ ਜਾਵੇ। ਬਾਅਦ ਵਿਚ ਦੋਵਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਕਣਕ ਦੀ ਢੋਆ-ਢੁਆਈ ਅਫ਼ਗਾਨ ਟਰੱਕਾਂ ਰਾਹੀਂ ਕੀਤੀ ਜਾਵੇਗੀ ਅਤੇ ਅਫ਼ਗਾਨ ਠੇਕੇਦਾਰਾਂ ਦੀ ਸੂਚੀ ਪਾਕਿਸਤਾਨ ਨਾਲ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ
ਵਿਦੇਸ਼ ਦਫ਼ਤਰ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਾਕਿਸਤਾਨ ਪਹਿਲੀ ਖੇਪ ਦੀ ਤਾਰੀਖ਼ ਦਾ ਇੰਤਜ਼ਾਰ ਕਰ ਰਿਹਾ ਹੈ। ਭਾਰਤ ਨੇ ਪਿਛਲੇ ਸਾਲ 7 ਅਕਤੂਬਰ ਨੂੰ ਪਾਕਿਸਤਾਨ ਨੂੰ ਇਕ ਪ੍ਰਸਤਾਵ ਭੇਜਿਆ ਸੀ, ਜਿਸ ਵਿਚ ਪਾਕਿਸਤਾਨੀ ਜ਼ਮੀਨ ਰਾਹੀਂ ਅਫ਼ਗਾਨਿਸਤਾਨ ਦੇ ਲੋਕਾਂ ਨੂੰ 50,000 ਟਨ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਲਈ ਟਰਾਂਜ਼ਿਟ ਸਹੂਲਤ ਦੀ ਮੰਗ ਕੀਤੀ ਗਈ ਸੀ ਅਤੇ 24 ਨਵੰਬਰ ਨੂੰ ਇਸਲਾਮਾਬਾਦ ਤੋਂ ਇਸ ਦਾ ਜਵਾਬ ਮਿਲਿਆ ਸੀ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਇਕ ਆਨਲਾਈਨ ਮੀਡੀਆ ਬ੍ਰੀਫਿੰਗ ਵਿਚ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਬਾਰੇ ਪੁੱਛੇ ਜਾਣ ’ਤੇ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸਰਕਾਰ ਅਫ਼ਗਾਨ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਵਿਚ ਅਨਾਜ, ਐਂਟੀ-ਕੋਵਿਡ ਟੀਕੇ ਅਤੇ ਜੀਵਨ ਰੱਖਿਅਕ ਦਵਾਈਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕਣਕ ਦੀ ਖ਼ਰੀਦ ਅਤੇ ਢੋਆ-ਢੁਆਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਿਚ ਕੁਝ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ: ਭਾਰਤੀ ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।