ਚੀਨ ਨਾਲ ਸਰਹੱਦ ''ਤੇ ਭਾਰਤੀ ਫੌਜੀ ਆਪਣੀ ਸਥਿਤੀ ''ਤੇ ਕਾਇਮ : ਫੌਜ ਪ੍ਰਮੁੱਖ
Thursday, May 14, 2020 - 09:08 PM (IST)
ਨਵੀਂ ਦਿੱਲੀ (ਭਾਸ਼ਾ) - ਥਲ ਸੈਨਾ ਪ੍ਰਮੁੱਖ ਜਨਰਲ ਐਮ. ਐਮ. ਨਰਵਣੇ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਸਰਹੱਦ 'ਤੇ ਭਾਰਤੀ ਫੌਜ ਆਪਣੀ ਸਥਿਤੀ 'ਤੇ ਕਾਇਮ ਹੈ ਅਤੇ ਸਰਹੱਦੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਦੋਹਾਂ ਦੇਸ਼ਾਂ ਵਿਚਾਲੇ ਹਿੰਸਕ ਝੱੜਪਾਂ ਦੀਆਂ 2-2 ਅਲੱਗ-ਅਲੱਗ ਘਟਨਾਵਾਂ ਦੇ ਕੁਝ ਦਿਨ ਬਾਅਦ ਆਇਆ ਹੈ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਅਤੇ ਉੱਤਰੀ ਸਿੱਕਿਮ ਵਿਚ ਹੋਈਆਂ ਘਟਨਾਵਾਂ ਵਿਚ ਚੀਨੀ ਅਤੇ ਭਾਰਤੀ ਫੌਜੀਆਂ ਦਾ ਵਿਵਹਾਰ ਹਮਲਾਵਰ ਸੀ ਅਤੇ ਇਸ ਕਾਰਨ ਦੋਹਾਂ ਪੱਖਾਂ ਦੇ ਜਵਾਨਾਂ ਨੂੰ ਮਾਮੂਲੀ ਸੱਟਾਂ ਆਈਆਂ।
ਥਲ ਸੈਨਾ ਪ੍ਰਮੁੱਖ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਾਮਲਾ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਹਰਾਇਆ ਗਿਆ ਹੈ ਕਿ ਇਨ੍ਹਾਂ ਦੋਹਾਂ ਘਟਨਾਵਾਂ ਦਾ ਨਾ ਤਾਂ ਆਪਸ ਵਿਚ ਅਤੇ ਨਾ ਹੀ ਉਨ੍ਹਾਂ ਦਾ ਹੋਰ ਗਲਬੋਲ ਜਾਂ ਸਥਾਨਕ ਗਤੀਵਿਧੀਆਂ ਨਾਲ ਕੋਈ ਸਬੰਧ ਸੀ। ਉਹ ਗਤੀਰੋਧ ਦੇ ਸਬੰਧ ਵਿਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਜਨਰਲ ਨਰਵਣੇ ਨੇ ਕਿਹਾ ਕਿ ਅਜਿਹੀਆਂ ਸਾਰੀਆਂ ਘਟਨਾਵਾਂ ਦੇ ਹੱਲ ਲਈ ਪਹਿਲਾਂ ਤੋਂ ਸਥਾਪਿਤ ਤੰਤਰ ਹਨ, ਜਿਨ੍ਹਾਂ ਵਿਚੋਂ ਜਿਥੇ ਦੋਹਾਂ ਵੱਲੋਂ ਸਥਾਨਕ ਅਧਿਕਾਰੀ ਸਥਾਪਿਤ ਪ੍ਰੋਟੋਕਾਲ ਅਤੇ ਵੁਹਾਨ ਅਤੇ ਮਾਮੱਲਾਪੁਰਮ ਬੈਠਕਾਂ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਰਣਨੀਤਕ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੁੱਦਿਆਂ ਦਾ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜੀ ਹਮੇਸ਼ਾ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਬਣਾਏ ਰੱਖਦੇ ਹਨ।