ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ BJP 'ਚ ਹੋਈ ਸ਼ਾਮਲ

01/29/2020 12:50:25 PM

ਨਵੀਂ ਦਿੱਲੀ : ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਕੋਰਟ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਿਆਸੀ ਮੈਦਾਨ ਵਿਚ ਵੀ ਉਤਰ ਚੁੱਕੀ ਹੈ। ਭਾਜਪਾ ਹੈੱਡਕੁਆਰਟਰ ਵਿਚ ਬੀ. ਜੀ. ਪੀ. ਦੇ ਰਾਸ਼ਟਰੀ ਜਰਨਲ ਸਕੱਤਰ ਅਰਜੁਨ ਸਿੰਘ ਦੀ ਮੌਜੂਦਗੀ ਵਿਚ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਬਣੀ ਹੈ।

ਸਾਇਨਾ ਨੇ ਬੈਡਮਿੰਟਨ ਵਿਚ ਅਜਿਹੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਜੋ ਉਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਨਹੀਂ ਹਾਸਲ ਕਰ ਸਕਿਆ ਹੈ। ਸਾਲ 2012 ਵਿਚ ਲੰਡਨ ਓਲੰਪਿਕ ਵਿਚ ਸਾਇਨਾ ਕਾਂਸੀ ਤਮਗਾ ਵੀ ਜਿੱਤ ਚੁੱਕੀ ਹੈ। ਸਾਇਨਾ ਭਾਰਤ ਵੱਲੋਂ ਪਦਮ ਸ਼੍ਰੀ ਅਤੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਤ ਹੋ ਚੁੱਕੀ ਹੈ। ਉਸ ਦਾ ਵਿਆਹ ਬੈਡਮਿੰਟਨ ਖਿਡਾਰੀ ਪੀ. ਕਸ਼ਯਪ ਨਾਲ ਹੋਇਆ ਹੈ।

ਹਰਿਆਣਾ ਵਿਚ ਜਨਮੀ 29 ਸਾਲਾ ਸਾਇਨਾ ਭਾਜਪਾ ਲਈ ਵੱਡੇ ਚਿਹਰੇ ਦਾ ਕੰਮ ਕਰ ਸਕਦੀ ਹੈ। ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਨਾਂ 24 ਕੌਮਾਂਤਰੀ ਖਿਤਾਬ ਦਰਜ ਹਨ। ਸਾਲ 2009 ਵਿਚ ਜਿੱਥੇ ਸਾਇਨਾ ਦੂਜੇ ਨੰਬਰ 'ਤੇ ਰਹਿ ਚੁੱਕੀ ਹੈ ਤਾਂ ਉੱਥੇ ਹੀ 2015 ਵਿਚ ਨੰਬਰ ਇਕ ਦਾ ਤਾਜ ਵੀ ਪਹਿਨ ਚੁੱਕੀ ਹੈ। ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਸਾਇਨਾ ਦਾ ਭਾਰਤੀ ਜਨਤਾ ਪਾਰਟੀ (ਬੀ. ਜੇ ਪੀ.) ਵਿਚ ਸ਼ਾਮਲ ਹੋਣਾ ਪਾਰਟੀ ਲਈ ਵੱਡੀ ਗੱਲ ਹੋਵੇਗੀ। ਸੂਤਰਾਂ ਦਾ ਮੰਨੀਏ ਤਾਂ ਸਾਇਨਾ ਨੇਹਵਾਲ ਨੂੰ ਭਾਜਪਾ ਦਿੱਲੀ ਚੋਣਾਂ ਵਿਚ ਪ੍ਰਚਾਰ ਲਈ ਉਤਾਰ ਸਕਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖਿਡਾਰੀ ਬੀ. ਜੇ. ਪੀ. ਵਿਚ ਸ਼ਾਮਲ ਹੋ ਚੁੱਕੇ ਹਨ, ਜਿਸ ਵਿਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਰੈਸਲਰ ਬਬੀਤਾ ਫੋਗਟ ਆਦਿ ਸ਼ਾਮਲ ਹਨ।


Related News