ਭਾਰਤੀ ਓਲੰਪਿਕ ਖਿਡਾਰੀ ਹੋਣਗੇ 15 ਅਗਸਤ ’ਤੇ ‘ਸਪੈਸ਼ਲ ਗੈਸਟ’, PM ਮੋਦੀ ਦੇਣਗੇ ਸੱਦਾ
Tuesday, Aug 03, 2021 - 03:46 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਦਿਵਸ ’ਤੇ ਜਦੋਂ ਆਪਣਾ ਲਗਾਤਾਰ 8ਵਾਂ ਭਾਸ਼ਣ ਦੇਣਗੇ ਤਾਂ 15 ਅਗਸਤ ਨੂੰ ਲਾਲ ਕਿਲ੍ਹੇ ਵਿਚ ਭਾਰਤੀ ਓਲੰਪਿਕ ਦਲ ਨੂੰ ਮੁੱਖ ਮਹਿਮਾਨ ਦੇ ਰੂਪ ਵਿਚ ਸੱਦਣਗੇ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪੀ.ਐੱਮ. ਮੋਦੀ ਉਨ੍ਹਾਂ ਨੂੰ ਆਪਣੇ ਨਿਵਾਸ ’ਤੇ ਵੀ ਸੱਦਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਟੋਕੀਓ ਓਲੰਪਿਕਸ ਵਿਚ 120 ਤੋਂ ਜ਼ਿਆਦਾ ਖਿਡਾਰੀਆਂ ਸਮੇਤ 228 ਲੋਕਾਂ ਦਾ ਦਲ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਮੋਦੀ ਨਿਯਮਿਤ ਰੂਪ ਨਾਲ ਟੀਮ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਕਈ ਖਿਡਾਰੀਆ ਨਾਲ ਗੱਲਬਾਤ ਵੀ ਕੀਤੀ ਹੈ। ਇਸ ਤੋਂ ਪਹਿਲਾਂ ਮੋਦੀ ਨੇ ਓਲੰਪਿਕ ਵਿਚ ਖੇਡ ਰਹੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਇਸ ਵਾਰ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
ਪੀ.ਐੱਮ. ਨੇ ਅੱਜ ਗੁਜਰਾਤ ਵਿਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਇਸ ਵਾਰ ਭਾਰਤ ਦੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ ਓਲੰਪਿਕ ਵਿਚ ਕੁਆਈਫਾਈ ਕੀਤਾ ਹੈ। ਯਾਦ ਰਹੇ ਇਹ 100 ਸਾਲ ਦੀ ਸਭ ਤੋਂ ਵੱਡੀ ਆਫ਼ਤ ਨਾਲ ਜੂਝਦੇ ਹੋਏ ਕੀਤਾ ਹੈ। ਕਈ ਤਾਂ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਵਿਚ ਅਸੀਂ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ। ਸਿਰਫ਼ ਕੁਆਲੀਫਾਈ ਹੀ ਨਹੀਂ ਕੀਤਾ ਸਗੋਂ ਸਖ਼ਤ ਟੱਕਰ ਵੀ ਦੇ ਰਹੇ ਹਨ।’ ਉਨ੍ਹਾਂ ਅੱਗੇ ਕਿਹਾ, ‘ਭਾਰਤੀ ਖਿਡਾਰੀਆਂ ਨੂੰ ਅਜਿਹਾ ਜੋਸ਼-ਜੁਨੂੰਨ ਉਦੋਂ ਆਉਂਦਾ ਹੈ, ਜਦੋਂ ਸਹੀ ਟੈਲੇਂਟ ਨੂੰ ਉਤਸ਼ਾਹ ਮਿਲਦਾ ਹੈ। ਇਹ ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਵਿਵਸਥਾਵਾਂ ਬਦਲਦੀਆਂ ਹਨ, ਪਾਰਦਰਸ਼ੀ ਹੁੰਦੀਆਂ ਹਨ। ਇਹ ਨਵਾਂ ਆਤਮਵਿਸ਼ਵਾਸ ਨਿਊ ਇੰਡੀਆ ਦੀ ਪਛਾਣ ਬਣ ਰਿਹਾ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।