ਭਾਰਤੀ ਜਲ ਸੈਨਾ ਨੇ ਵਿਦੇਸ਼ਾਂ ਤੋਂ ਮੈਡੀਕਲ ਆਕਸੀਜਨ ਲਿਆਉਣ ਲਈ ਜੰਗੀ ਬੇੜੇ ਕੀਤੇ ਤਾਇਨਾਤ
Saturday, May 01, 2021 - 10:41 AM (IST)
ਨਵੀਂ ਦਿੱਲੀ– ਭਾਰਤੀ ਜਲ ਸੈਨਾ ਨੇ ਵਿਦੇਸ਼ਾਂ ਤੋਂ ਆਕਸੀਜਨ ਨਾਲ ਭਰੇ ਕ੍ਰਾਇਓਜੈਨਿਕ ਕੰਟੇਨਰ ਲਿਆਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਬੇਤਹਾਸ਼ਾ ਵਾਧੇ ਕਾਰਣ ਦੇਸ਼ ਵਿਚ ਆਕਸੀਜਨ ਦੀ ਭਾਰੀ ਕਿੱਲਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸਮੁੰਦਰੀ ਫ਼ੌਜ ਦੇ ਜੰਗੀ ਬੇੜੇ ਸ਼ੁਰੂ ਵਿਚ ਬਹਿਰੀਨ, ਸਿੰਗਾਪੁਰ ਅਤੇ ਥਾਈਲੈਂਡ ਤੋਂ ਆਕਸੀਜਨ ਲੈ ਕੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ 2 ਬੇੜੇ-ਆਈ. ਐੱਨ. ਐੱਸ. ਕੋਲਕਾਤਾ ਅਤੇ ਆਈ. ਐੱਨ. ਐੱਸ. ਤਲਵਾਰ ਬਹਿਰੀਨ ਵਿਚ ਮਨਾਮਾ ਬੰਦਰਗਾਹ ’ਤੇ ਪੁੱਜ ਚੁੱਕੇ ਹਨ ਜੋ 40 ਮੀਟ੍ਰਿਕ ਟਨ ਤਰਲ ਆਕਸੀਜਨ ਮੁੰਬਈ ਲਿਆਉਣਗੇ। ਅਧਿਕਾਰੀਆਂ ਨੇ ਕਿਹਾ ਕਿ ਇਕ ਹੋਰ ਬੇੜੇ ਆਈ. ਐੱਨ. ਐੱਸ. ਜਲਾਸ਼ਵ ਬੈਂਕਾਕ ਰਵਾਨਾ ਹੋ ਗਿਆ ਹੈ ਜਦਕਿ ਆਈ. ਐੱਨ. ਐੱਸ. ਏਰਾਵਤ ਇਸੇ ਮਿਸ਼ਨ ਲਈ ਸਿੰਗਾਪੁਰ ਜਾ ਰਿਹਾ ਹੈ।
ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ,''ਭਾਰਤੀ ਜਲ ਸੈਨਾ ਨੇ ਆਪਰੇਸ਼ਨ ਸਮੁੰਦਰ ਸੇਤੂ ਦੋ-ਪੱਖੀ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਆਕਸੀਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਰਾਸ਼ਟਰੀ ਮਿਸ਼ਨ ਨੂੰ ਮਜ਼ਬੂਤ ਕੀਤਾ ਜਾ ਸਕੇ।'' ਭਾਰਤੀ ਜਲ ਸੈਨਾ ਨੇ ਪਿਛਲੇ ਸਾਲ ਆਪਰੇਸ਼ਨ ਸਮੁੰਦਰ ਸੇਤੂ ਦੀ ਸ਼ੁਰੂਆਤ ਵੰਦੇ ਭਾਰਤ ਮਿਸ਼ਨ ਦੇ ਅਧੀਨ ਕੀਤੀ ਸੀ, ਜਿਸ ਦੇ ਅਧੀਨ ਇਸ ਨੇ ਮਾਲਦੀਵ, ਸ਼੍ਰੀਲੰਕਾ ਅਤੇ ਇਰਾਨ 'ਚ ਫਸੇ 4000 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਸੀ। ਭਾਰਤੀ ਹਵਾਈ ਫ਼ੌਜ ਨੇ ਪਿਛਲੇ ਕੁਝ ਦਿਨਾਂ ਤੋਂ ਦੁਬਈ ਅਤੇ ਸਿੰਗਾਪੁਰ ਤੋਂ ਖਾਲੀ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲੈ ਕੇ ਆਈ ਹੈ ਤਾਂ ਕਿ ਆਕਸੀਜਨ ਸਪਲਾਈ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕੀਤਾ ਜ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ