15 ਮਈ ਤੋਂ ਮੱਧ ਏਸ਼ੀਆ ਅਤੇ ਯੂਰਪ ''ਚ ਫਸੇ ਭਾਰਤੀ ਨਾਗਰਿਕ ਕੀਤੇ ਜਾਣਗੇ ਏਅਰਲਿਫਟ
Friday, May 08, 2020 - 11:57 PM (IST)
ਨਵੀਂ ਦਿੱਲੀ, 8 ਮਈ (ਅਨਸ)- ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਵਿਚ 15 ਮਈ ਤੋਂ ਮੱਧ ਏਸ਼ੀਆ ਅਤੇ ਯੂਰਪੀ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾਵੇਗਾ। ਅਗਲੇ ਹਫਤੇ ਇਸ ਮਿਸ਼ਨ ਵਿਚ ਕਜ਼ਾਕਸਤਾਨ, ਉਜਬੇਕਿਸਤਾਨ, ਰੂਸ, ਜਰਮਨੀ, ਸਪੇਨ ਅਤੇ ਥਾਈਲੈਂਡ ਸਣੇ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਨ ਦੇ ਪਹਿਲੇ ਪੜਾਅ ਵਿਚ 7 ਮਈ ਤੋਂ 15 ਮਈ ਵਿਚਾਲੇ 12 ਦੇਸ਼ਾਂ ਤੋਂ ਲਗਭਗ 15000 ਲੋਕਾਂ ਦੀ ਵਾਪਸੀ ਹੋਵੇਗੀ। ਇਸ ਦੇ ਲਈ 64 ਉਡਾਣਾਂ ਦਾ ਸੰਚਾਲਨ ਹੋਵੇਗਾ। ਇਧਰ, ਏਅਰ ਇੰਡੀਆ ਦਾ ਇਕ ਜਹਾਜ਼ ਸਿੰਗਾਪੁਰ ਵਿਚ ਫਸੇ 234 ਭਾਰਤੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਭਾਰਤੀ ਨੇਵੀ ਦਾ ਬੇੜਾ ਆਈ.ਐਨ.ਐਸ. ਜਲਾਸ਼ਵ ਲਗਭਗ 700 ਲੋਕਾਂ ਦੇ ਨਾਲ ਸ਼ੁੱਕਰਵਾਰ ਦੁਪਹਿਰ ਮਾਲੇ ਤੋਂ ਕੋਚੀ ਲਈ ਰਵਾਨਾ ਹੋਇਆ।