CWG: ਆਸਟਰੇਲੀਆ ਦੇ ਹਵਾਈ ਅੱਡੇ 'ਤੇ ਫੜੇ ਗਏ 9 ਭਾਰਤੀ, ਪੱਤਰਕਾਰ ਹੋਣ ਦਾ ਕਰ ਰਹੇ ਸੀ ਦਾਅਵਾ

03/30/2018 4:41:57 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ 'ਚ ਬ੍ਰਿਸਬੇਨ ਹਵਾਈ ਅੱਡੇ 'ਤੇ ਬਾਰਡਰ ਪੁਲਸ ਨੇ 9 ਭਾਰਤੀਆਂ ਨੂੰ ਫੜਿਆ ਹੈ ਜੋ ਪੱਤਰਕਾਰ ਹੋਣ ਦਾ ਦਾਅਵਾ ਕਰ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਉਹ ਕਾਮਨਵੈਲਥ ਖੇਡਾਂ 'ਚ ਨਕਲੀ ਪੱਤਰਕਾਰ ਬਣ ਕੇ ਦਾਖਲ ਹੋਣਾ ਚਾਹੁੰਦੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 37 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਬੁੱਧਵਾਰ ਨੂੰ ਪੁਲਸ ਨੇ 46 ਸਾਲਾ ਰਕੇਸ਼ ਕੁਮਾਰ ਸ਼ਰਮਾ ਅਤੇ ਉਸ ਦੇ ਬਾਕੀ 8 ਸਾਥੀਆਂ ਨੂੰ ਜਦ ਫੜਿਆ ਤਾਂ ਰਕੇਸ਼ ਨੇ ਦੱਸਿਆ ਕਿ ਬਾਕੀ 8 ਵਿਅਕਤੀ ਪੱਤਰਕਾਰ ਹਨ ਪਰ ਜਾਂਚ 'ਚ ਪਤਾ ਲੱਗਾ ਕਿ ਇਹ ਸਭ ਝੂਠ ਹੀ ਸੀ। ਬਾਕੀ 8 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਰਕੇਸ਼ ਸ਼ਰਮਾ ਭਾਰਤ ਤੋਂ ਹਰਿਆਣੇ ਸੂਬੇ ਦਾ ਹੈ ਅਤੇ ਉਸ 'ਤੇ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹਨ। ਵੀਰਵਾਰ ਨੂੰ ਉਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਗਿਆ।
ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 5 ਸਾਲਾਂ ਦੀ ਜੇਲ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਵਿਅਕਤੀ 5 ਜਾਂ ਇਸ ਤੋਂ ਵਧੇਰੇ ਲੋਕਾਂ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 20 ਸਾਲਾਂ ਦੀ ਜੇਲ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਕੇਸ਼ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਜਦ ਉਸ ਨੂੰ ਪ੍ਰਸ਼ਨ ਪੁੱਛੇ ਗਏ ਤਾਂ ਉਹ ਜਵਾਬ ਨਾ ਦੇ ਸਕਿਆ। ਉਸ ਨੂੰ ਫਿਲਹਾਲ ਜੇਲ 'ਚ ਰੱਖਿਆ ਜਾਵੇਗਾ ਅਤੇ 6 ਅਪ੍ਰੈਲ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੁਣਵਾਈ ਦੌਰਾਨ ਹਿੰਦੀ-ਅੰਗਰੇਜ਼ੀ ਭਾਸ਼ਾ ਜਾਣਨ ਵਾਲੇ ਵਿਅਕਤੀ ਦਾ ਪ੍ਰਬੰਧ ਕੀਤਾ ਜਾਵੇਗਾ। ਆਸਟਰੇਲੀਅਨ ਬਾਰਡਰ ਫੋਰਸ ਕੁਈਨਜ਼ਲੈਂਡ ਦੇ ਕਮਾਂਡਰ ਟੈਰੀ ਪ੍ਰਾਈਜ਼ ਨੇ ਕਿਹਾ ਕਿ ਕਾਮਨਵੈਲਥ ਖੇਡਾਂ ਅਤੇ ਆਸਟਰੇਲੀਅਨ ਵੀਜ਼ਾ ਪ੍ਰੋਗਰਾਮ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 4 ਅਪ੍ਰੈਲ ਤੋਂ ਆਸਟਰੇਲੀਅਨ ਸ਼ਹਿਰ ਗੋਲਡ ਕੋਸਟ 'ਚ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ।


Related News