ਕੈਨੇਡਾ ’ਚ ਖਾਲਿਸਤਾਨੀ ਗਤੀਵਿਧੀਆਂ ਕਾਰਨ ਅਸੁਰੱਖਿਅਤ ਹਨ ਡਿਪਲੋਮੈਟ ਕੰਪਲੈਕਸ, ਭਾਰਤ ਨੇ ਕੀਤੀ ਸ਼ਿਕਾਇਤ

Friday, Jun 30, 2023 - 11:52 AM (IST)

ਜਲੰਧਰ (ਇੰਟ.)– ਕੈਨੇਡਾ ਵਿਚ ਖਾਲਿਸਤਾਨੀ ਹਮਾਇਤੀਆਂ ਦੀਆਂ ਭਾਰਤੀ ਵਿਰੋਧੀ ਸਰਗਰਮੀਆਂ ਇੰਨੀਆਂ ਜ਼ਿਆਦਾ ਵਧ ਗਈਆਂ ਹਨ ਕਿ ਭਾਰਤੀ ਡਿਪਲੋਮੈਟ ਕੰਪਲੈਕਸ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਭਾਰਤ ਨੇ ਬੀਤੀ ਮਾਰਚ ਵਿਚ ਸਿੱਖਾਂ ਦੇ ਓਟਾਵਾ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਡਿਪਲੋਮੈਟ ਕੰਪਲੈਕਸਾਂ ਦੀ ਸੁਰੱਖਿਆ ਬਾਰੇ ਕੈਨੇਡਾ ਦੇ ਸੰਸਾਰਿਕ ਮਾਮਲਿਆਂ ਦੇ ਵਿਭਾਗ ਨੂੰ ਰਸਮੀ ਸ਼ਿਕਾਇਤ ਕੀਤੀ ਹੈ। ਭਾਰਤ ਨੇ ਖਾਲਿਸਤਾਨੀ ਸਿੱਖ ਵਿਖਾਵਾਕਾਰੀਆਂ ’ਤੇ ਭਾਰਤ ਅਤੇ ਕੈਨੇਡਾ ਦਰਮਿਆਨ ਦੋ-ਪੱਖੀ ਸੰਬੰਧਾਂ ਵਿਚ ਰੁਕਾਵਟ ਪਾਉਣ ਅਤੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਸ਼ਵ ਸਿੱਖ ਸੰਗਠਨ ਇਸ ਦੇ ਲਈ ਜ਼ਿੰਮੇਵਾਰ ਹੈ। ਕੈਨੇਡਾ ਵਿਚ ਭਾਰਤ ਦੇ ਰਾਜਦੂਤ ਸੰਜੇ ਕੁਮਾਰ ਵਰਮਾ ਦੇ ਹਵਾਲੇ ਨਾਲ ਸਥਾਨਕ ਮੀਡੀਆ ‘ਦਿ ਗਲੋਬ ਐਂਡ ਮੇਲ’ ਵਿਚ ਕਿਹਾ ਗਿਆ ਹੈ ਕਿ ਹਾਈ ਕਮਿਸ਼ਨ ਦੇ ਕਰਮਚਾਰੀਆਂ ਨੂੰ ਓਟਾਵਾ ਦੇ ਨਿਊ ਐਡਿਨਬਰਗ ਵਿਚ ਉਨ੍ਹਾਂ ਦੇ ਡਿਪਲੋਮੈਟ ਮਿਸ਼ਨ ’ਤੇ 23 ਮਾਰਚ ਦੇ ਵਿਖਾਵੇ ਨਾਲ ਖਤਰਾ ਮਹਿਸੂਸ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਖਾਵੇ ਦੌਰਾਨ ਵਿਖਾਵਾਕਾਰੀ ਕਾਫੀ ਹਮਲਾਵਰ ਦਿਖਾਈ ਦਿੱਤੇ ਸਨ। ਉਹ ਸਾਡੀ ਰੇਲਿੰਗ ਦੇ ਨੇੜੇ ਆ ਗਏ ਸਨ ਅਤੇ ਤੋੜਭੰਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਬਹੁਤ ਹੀ ਡਰਾਉਣਾ ਸੀ।

ਹਾਈ ਕਮਿਸ਼ਨ ’ਤੇ ਹੈਂਡ ਗ੍ਰੇਨੇਡ ਸੁੱਟੇ ਜਾਣ ਦੀ ਜਾਰੀ ਹੈ ਜਾਂਚ

ਇਸ ਹਫਤੇ ਭਾਰਤੀ ਅਖਬਾਰਾਂ ਨੇ ਦੇਸ਼ ਦੀ ਅੱਤਵਾਦ ਰੋਕੂ ਰਾਸ਼ਟਰੀ ਜਾਂਚ ਏਜੰਸੀ ਦੇ ਅਣਪਛਾਤੇ ਸੋਮਿਆਂ ਦਾ ਹਵਾਲਾ ਦਿੰਦੇ ਹੋਏ ਓਟਾਵਾ ਵਿਚ ਹੋਈ ਘਟਨਾ ਨੂੰ ਇਕ ਹਮਲੇ ਦੇ ਰੂਪ ਵਿਚ ਵਰਣਿਤ ਕੀਤਾ ਹੈ। 24 ਜੂਨ ਨੂੰ ਇਕ ਅਖਬਾਰ ਦੀ ਖਬਰ ਵਿਚ ਲਿਖਿਆ ਹੈ ਕਿ ਖਾਲਿਸਤਾਨ ਹਮਾਇਤੀਆਂ ਦੀ ਭੀੜ ਨੇ ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕੀਤਾ ਸੀ, ਜਿਸ ਦੌਰਾਨ ਇਮਾਰਤ ’ਤੇ 2 ਗ੍ਰੇਨੇਡ ਸੁੱਟੇ ਗਏ ਸਨ। ਜਦਕਿ ਵਰਮਾ ਨੇ ਹੈਂਡ ਗ੍ਰੇਨੇਡ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਅਤੇ ਓਟਾਵਾ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਆਰ. ਸੀ. ਐੱਮ. ਪੀ. ਨੇ ਓਟਾਵਾ ਪੁਲਸ ਨੂੰ ਮਾਮਲੇ ਨਾਲ ਸੰਬੰਧਤ ਸਵਾਲ ਵੀ ਭੇਜੇ ਹਨ। ਮੀਡੀਆ ਰਿਪੋਰਟ ਨੂੰ ਦਿੱਤੇ ਬਿਆਨ ਵਿਚ ਹਾਲਾਂਕਿ ਓਟਾਵਾ ਪੁਲਸ ਨੇ ਇਹੀ ਦੱਸਿਆ ਕਿ ਕੁਝ ਅਜਿਹੇ ਕਨਸਤਰ ਵਰਗੇ ਉਪਕਰਣ ਹਾਸਲ ਕੀਤੇ ਗਏ ਹਨ, ਜਿਨ੍ਹਾਂ ਤੋਂ ਧੂੰਆਂ ਉੱਠਦਾ ਹੈ। ਓਟਾਵਾ ਪੁਲਸ ਸੇਵਾ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚ ਦੀ ਅਖੰਡਤਾ ਦੀ ਰੱਖਿਆ ਲਈ ਇਸ ਸਮੇਂ ਕੋਈ ਹੋਰ ਵੇਰਵਾ ਸਾਂਝਾ ਨਹੀਂ ਕੀਤਾ ਜਾਵੇਗਾ।

ਵਿਸ਼ਵ ਸਿੱਖ ਸੰਗਠਨ ਨੇ ਹਮਲੇ ਤੋਂ ਕੀਤਾ ਇਨਕਾਰ

ਵਿਸ਼ਵ ਸਿੱਖ ਸੰਗਠਨ ਦੇ ਕਾਨੂੰਨੀ ਸਲਾਹਕਾਰ ਅਤੇ ਬੁਲਾਰੇ ਬਲਪ੍ਰੀਤ ਸਿੰਘ ਨੇ ਭਾਰਤ ਸਰਕਾਰ ’ਤੇ ਭਾਰਤ ਵਿਚ ਮੀਡੀਆ ਆਉਟਲੈੱਟਸ ਨੂੰ ਕਾਲਪਨਿਕ ਜਾਣਕਾਰੀ ਪ੍ਰਦਾਨ ਕਰ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਧੂਮਰ ਕਨਸਤਰ ਅਤੇ ਹੈਂਡ ਗ੍ਰੇਨੇਡ ਨਾਲੋਂ ਬਹੁਤ ਵੱਖ ਹੁੰਦੇ ਹਨ। ਅਸੀਂ 2 ਬਹੁਤ ਵੱਖਰੀਆਂ ਚੀਜ਼ਾਂ ਅਤੇ 2 ਵੱਖ-ਵੱਖ ਨਤੀਜਿਆਂ ਦੇ ਖਤਰਿਆਂ ਬਾਰੇ ਗੱਲ ਕਰ ਰਹੇ ਹਾਂ। ਬਲਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਅਸਲ ਵਿਚ ਓਟਾਵਾ ਵਿਚ ਕਿਸੇ ਦੂਤਘਰ ’ਤੇ ਗ੍ਰੇਨੇਡ ਹਮਲਾ ਹੋਇਆ ਹੁੰਦਾ ਤਾਂ ਇਸ ਨੂੰ ਕੈਨੇਡਾਈ ਅਖਬਾਰਾਂ ਵਿਚ ਵਿਆਪਕ ਤੌਰ ’ਤੇ ਕਵਰ ਕੀਤਾ ਗਿਆ ਹੁੰਦਾ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵਿਖਾਵੇ ਅਤੇ ਸਰਗਰਮੀ ਸਾਡੇ ਲੋਕਤੰਤਰਿਕ ਅਧਿਕਾਰਾਂ ਦਾ ਹਿੱਸਾ ਹਨ। ਹਾਲਾਂਕਿ ਓਟਾਵਾ ਸਥਿਤ ਇਕ ਵਕਾਲਤ ਸਮੂਹ ਵਿਸ਼ਵ ਸਿੱਖ ਸੰਗਠਨ ਕਿ ਇਹ ਪੰਜਾਬ ਸੂਬੇ ਵਿਚ ਭਾਰਤ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰਨਾ ਸੀ, ਸਿੱਖ ਵੱਖਵਾਦੀ ਨੇਤਾ ਅੰਮ੍ਰਿਤਪਾਲ ਸਿੰਘ ਦੀ ਭਾਲ ਦੌਰਾਨ ਭਾਰਤੀ ਅਧਿਕਾਰੀਆਂ ਨੇ ਉਥੇ ਸੰਚਾਰ ਅਤੇ ਸਭਾਵਾਂ ’ਤੇ ਪਾਬੰਦੀ ਲਾ ਦਿੱਤੀ ਸੀ।

ਭਾਰਤੀ ਰਾਜਦੂਤ ਬੋਲੇ–ਵਿਖਾਵਾਕਾਰੀ ਨਹੀਂ, ਗੁੰਡੇ ਸਨ!

ਸੰਸਾਰਿਕ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਉਹ ਵਿਸ਼ੇਸ਼ ਮਿਸ਼ਨਾਂ ਨਾਲ ਜੁੜੇ ਡਿਪਲੋਮੈਟਿਕ ਸੁਰੱਖਿਆ ਮਾਮਲਿਆਂ ’ਤੇ ਟਿੱਪਣੀ ਨਹੀਂ ਕਰਦਾ ਹੈ ਪਰ ਇਹ ਵੀ ਕਿਹਾ ਕਿ ਕੈਨੇਡਾ ਵਿਚ ਸਾਰੇ ਵਿਦੇਸ਼ੀ ਮਿਸ਼ਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕੈਨੇਡਾ ਵਿਚ ਲਗਭਗ 7.1 ਲੱਖ ਸਿੱਖ ਆਬਾਦੀ ਹੈ, ਜੋ ਕੁਲ ਆਬਾਦੀ ਦਾ 2.1 ਫੀਸਦੀ ਹੈ। ਇਨ੍ਹਾਂ ਵਿਚੋਂ ਕੁਝ ਸਿੱਖ ਸੁਤੰਤਰਤਾ ਅੰਦੋਲਨ ਦੀ ਹਮਾਇਤ ਕਰਦੇ ਹਨ, ਜੋ ਖਾਲਿਸਤਾਨ ਨਾਮਕ ਇਕ ਪ੍ਰਭੂਸੱਤਾ ਮਾਤਭੂਮੀ ਬਣਾਉਣ ਦੀ ਮੰਗ ਕਰ ਰਿਹਾ ਹੈ। ਇਹ ਇਕ ਪ੍ਰਸਤਾਵ ਹੈ, ਜਿਸ ਦਾ ਭਾਰਤ ਸਰਕਾਰ ਨੇ ਸਖਤ ਵਿਰੋਧ ਕੀਤਾ ਹੈ। ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਕਿਸੇ ਨੂੰ ਵੀ ਭਾਰਤ ਵਿਚ ਡਿਪਲੋਮੈਟਿਕ ਮਿਸ਼ਨਾਂ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ 23 ਮਾਰਚ ਦੇ ਵਿਖਾਵਾਕਾਰੀਆਂ ਬਾਰੇ ਕਿਹਾ ਕਿ ਉਹ ਵਿਖਾਵਾਕਾਰੀ ਨਹੀਂ ਸਗੋਂ ਸਪੱਸ਼ਟ ਤੌਰ ’ਤੇ ਗੁੰਡੇ ਹਨ। ਵਰਮਾ ਨੇ ਦੱਸਿਆ ਕਿ ਭਾਰਤ ਨੇ ਬੇਨਤੀ ਕੀਤੀ ਹੈ ਕਿ ਕੈਨੇਡਾ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਕਿ ਟੋਰਾਂਟੋ ਵਿਚ ਭਾਰਤ ਦੇ ਡਿਪਲੋਮੈਟਿਕ ਮਿਸ਼ਨ ਅਤੇ ਉਸ ਦੇ ਵਣਜ ਦੂਤਘਰਾਂ ਨੂੰ ਲੋੜੀਂਦੇ ਤੌਰ ’ਤੇ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਸਾਨੂੰ ਖਤਰਾ ਮਹਿਸੂਸ ਨਾ ਹੋਵੇ।


cherry

Content Editor

Related News