ਕਮਲ, ਮੋਰ ਅਤੇ ਭਾਰਤੀ ਸੰਸਕ੍ਰਿਤੀ ਦੀ ਝਲਕ ਦਿਖਾਉਂਦੇ ਹਨ ਨਵੀਂ ਸੰਸਦ ''ਚ ਵਿਛੇ ਕਾਰਪੇਟ
Monday, Jun 05, 2023 - 01:39 PM (IST)
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਲਗਭਗ 900 ਕਾਰੀਗਰਾਂ ਵਲੋਂ '10 ਲੱਖ ਘੰਟਿਆਂ ਤੱਕ' ਬੁਣ ਕੇ ਬਣਾਏ ਗਏ ਕਾਰਪੇਟ ਨਵੇਂ ਸੰਸਦ ਭਵਨ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਫਰਸ਼ ਦੀ ਸ਼ੋਭਾ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਲੋਕ ਸਭਾ ਅਤੇ ਰਾਜ ਸਭਾ ਦੇ ਕਾਰਪੇਟ 'ਚ ਰਾਸ਼ਟਰੀ ਪੰਛੀ ਮੋਰ ਅਤੇ ਰਾਸ਼ਟਰੀ ਫੁੱਲ ਕਮਲ ਦੇ ਸ਼ਾਨਦਾਰ ਨਮੂਨੇ ਦਰਸਾਏ ਗਏ ਹਨ। ਇਹ ਕਾਰਪੇਟ ਬਣਾਉਣ ਵਾਲੀ 100 ਸਾਲ ਪੁਰਾਣੀ ਭਾਰਤੀ ਕੰਪਨੀ 'ਓਬੀਟੀ ਕਾਰਪੇਟ' ਨੇ ਕਿਹਾ ਕਿ ਬੁਨਕਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਲਈ 150 ਤੋਂ ਵੱਧ ਕਾਰਪੇਟ ਤਿਆਰ ਕੀਤੇ ਅਤੇ 'ਫਿਰ ਉਨ੍ਹਾਂ ਦੀ 35,000 ਵਰਗ ਫੁੱਟ ਖੇਤਰ 'ਚ ਫੈਲੇ ਦੋਹਾਂ ਸਦਨਾਂ ਦੀ ਵਾਸਤੂਕਲਾ ਅਨੁਸਾਰ ਇਕ ਅਰਧ ਚੱਕਰ ਦੀ ਸ਼ਕਲ ਵਿਚ ਸਿਲਾਈ ਕੀਤੀ ਗਈ ਹੈ।
'ਓਬੀਟੀ ਕਾਰਪੇਟ' ਦੇ ਪ੍ਰਧਾਨ ਰੁਦਰ ਚੈਟਰਜੀ ਨੇ ਕਿਹਾ,“ਬੁਨਕਰਾਂ ਨੂੰ 17,500 ਵਰਗ ਫੁੱਟ ਵਿਚ ਫੈਲੇ ਸਦਨ ਕਮਰਿਆਂ ਲਈ ਕਾਰਪੇਟ ਤਿਆਰ ਕਰਨੇ ਸਨ। ਡਿਜ਼ਾਈਨ ਟੀਮ ਲਈ ਇਹ ਇਕ ਬਹੁਤ ਹੀ ਚੁਣੌਤੀਪੂਰਨ ਸੀ ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਟੁਕੜਿਆਂ 'ਚ ਸਾਵਧਾਨੀ ਨਾਲ ਤਿਆਰ ਕਰਨਾ ਸੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਕਰਦੇ ਹੋਏ ਇਕੱਠੇ ਜੋੜਨਾ ਸੀ ਕਿ ਬੁਨਕਰਾਂ ਦੀ ਰਚਨਾਤਮਕ ਮਹਾਰਤ ਕਾਲੀਨ ਨੂੰ ਜੋੜਨ ਤੋਂ ਬਾਅਦ ਕਾਇਮ ਰਹੇ ਅਤੇ ਇਹ ਕਾਲੀਨ ਵੱਧ ਲੋਕਾਂ ਦੀ ਆਵਾਜਾਈ ਦੇ ਬਾਵਜੂਦ ਖ਼ਰਾਬ ਨਾ ਹੋਵੇ।'' ਰਾਜ ਸਭਾ ਵਿਚ ਵਰਤੇ ਗਏ ਰੰਗ ਮੁੱਖ ਤੌਰ 'ਤੇ ਕੋਕਮ ਲਾਲ ਰੰਗ ਤੋਂ ਪ੍ਰੇਰਿਤ ਹਨ ਅਤੇ ਲੋਕ ਸਭਾ ਵਿਚ ਹਰੇ ਰੰਗ ਦੀ ਵਰਤੋਂ ਕੀਤੀ ਗਈ ਹੈ ਜੋ ਭਾਰਤੀ ਮੋਰ ਦੇ ਖੰਭਾਂ ਤੋਂ ਪ੍ਰੇਰਿਤ ਹੈ।
ਕਾਰੀਗਰੀ ਦੇ ਸਾਹਮਣੇ ਪੇਸ਼ ਪੇਚੀਦਗੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੇਟ ਬਣਾਉਣ ਲਈ ਪ੍ਰਤੀ ਵਰਗ ਇੰਚ 120 ਗੰਢਾਂ ਬੁਣੀਆਂ ਗਈਆਂ ਭਾਵ 60 ਕਰੋੜ ਤੋਂ ਵੱਧ ਗੰਢਾਂ ਬੁਣੀਆਂ ਗਈਆਂ। ਉੱਤਰ ਪ੍ਰਦੇਸ਼ ਦੇ ਭਦੋਹੀ ਅਤੇ ਮਿਰਜ਼ਾਪੁਰ ਜ਼ਿਲ੍ਹਿਆਂ ਦੇ ਬੁਣਕਰਾਂ ਨੇ ਨਵੇਂ ਸੰਸਦ ਭਵਨ ਦੇ ਉਪਰਲੇ ਅਤੇ ਹੇਠਲੇ ਸਦਨਾਂ ਲਈ ਕਾਰਪੇਟ ਬਣਾਉਣ ਲਈ '10 ਲੱਖ' ਘੰਟਿਆਂ ਤੱਕ ਮਿਹਨਤ ਕੀਤੀ। ਚੈਟਰਜੀ ਨੇ ਕਿਹਾ,“ਅਸੀਂ ਇਹ ਕੰਮ ਗਲੋਬਲ ਮਹਾਮਾਰੀ ਦਰਮਿਆਨ 2020 'ਚ ਸ਼ੁਰੂ ਕੀਤਾ ਸੀ। ਸਤੰਬਰ 2021 ਤੱਕ ਸ਼ੁਰੂ ਹੋਈ ਬੁਨਾਈ ਦੀ ਪ੍ਰਕਿਰਿਆ ਮਈ 2022 ਤੱਕ ਖ਼ਤਮ ਹੋ ਗਈ ਸੀ ਅਤੇ ਨਵੰਬਰ 2022 ਵਿਚ ਇਸ ਨੂੰ ਵਿਛਾਏ ਜਾਣ ਦਾ ਕੰਮ ਸ਼ੁਰੂ ਹੋਇਆ। ਇਸ ਕੰਮ ਨੂੰ ਪੂਰਾ ਕਰਨ 'ਚ 7 ਮਹੀਨਿਆਂ ਦਾ ਸਮਾਂ ਲੱਗਾ।''