ਬ੍ਰਿਟੇਨ 'ਚ ਕਰੂਜ਼ ਜਹਾਜ਼ਾਂ 'ਤੇ ਫਸੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੇ ਘਰ ਵਾਪਸੀ ਦੀ ਕੀਤੀ ਅਪੀਲ

Saturday, Jun 20, 2020 - 09:36 PM (IST)

ਲੰਡਨ(ਭਾਸ਼ਾ): ਕੋਰੋਨਾ ਵਾਇਰਸ ਸੰਕਟ ਦੇ ਕਾਰਣ ਬ੍ਰਿਟੇਨ ਦੀ ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ ਵਿਚ ਫਸੇ ਭਾਰਤੀ ਚਾਲਕ ਦਲ ਦੇ ਸੈਂਕੜੇ ਮੈਂਬਰਾਂ ਨੇ ਆਪਣੀ ਭਾਰਤ ਵਾਪਸੀ ਦੀ ਅਪੀਲ ਕੀਤੀ ਹੈ। ਆਲ ਇੰਡੀਆ ਸੀਫੇਰਰ ਤੇ ਜਨਰਲ ਵਰਕਰਸ ਯੂਨੀਅਨ ਦਾ ਦਾਅਵਾ ਹੈ ਕਿ ਬ੍ਰਿਟੇਨ ਦੀ ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ ਵਿਚ ਤਕਰੀਬਨ 1500 ਭਾਰਤੀ ਚਾਲਕ ਦਲ ਦੇ ਮੈਂਬਰ ਫਸੇ ਹੋਏ ਹਨ। ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ ਵਿਚੋਂ ਇਕ ਦਾ ਹਵਾਲਾ ਦਿੰਦੇ ਹੋਏ ਯੂਨੀਅਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਬ੍ਰਿਟੇਨ ਦੀ ਟਿਲਬਰੀ ਬੰਦਰਗਾਹ 'ਤੇ ਖੜ੍ਹੇ ਜਹਾਜ਼ ਐੱਮ.ਵੀ. ਐਸਟੋਰੀਆ ਵਿਚ ਫਸੇ ਚਾਲਕ ਦਲ ਦੇ 264 ਭਾਰਤੀ ਮੈਂਬਰਾਂ ਦੇ ਸਬੰਧ ਵਿਚ ਹੈ।

16 ਜੂਨ ਨੂੰ ਲਿਖੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਡੇ ਭਾਰਤੀ ਨਾਗਰਿਕ ਪਿਛਲੇ 90 ਦਿਨ ਤੋਂ ਵਿਦੇਸ਼ੀ ਪਾਣੀ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਤੈਅ ਉਡਾਣ ਵੀ ਦਸਤਾਵੇਜ਼ਾਂ ਦੀ ਕਮੀ ਦੇ ਕਾਰਣ ਰੱਦ ਹੋ ਗਈ। ਕਈ ਲੋਕਾਂ ਨੇ ਜਹਾਜ਼ 'ਤੇ ਹੀ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਸਮੁੰਦਰੀ ਤੇ ਕੋਸਟ ਗਾਰਡ ਏਜੰਸੀ ਨੇ ਉਕਤ ਜਹਾਜ਼ ਨੂੰ ਟਿਲਬਰੀ ਬੰਦਰਗਾਹ 'ਤੇ ਰੋਕ ਕੇ ਰੱਖਿਆ ਹੈ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ। ਜਹਾਜ਼ ਦਾ ਨਿਰੀਖਣ ਕਰਨ ਤੋਂ ਬਾਅਦ ਐੱਮ.ਸੀ.ਏ. ਨੇ ਐਸਟੋਰੀਆ ਤੇ ਉਸ ਆਪ੍ਰੇਟਰ ਦੇ ਚਾਰ ਹੋਰ ਜਹਾਜ਼ਾਂ ਏਸਟਰ, ਕੋਲੰਬਸ, ਵਾਸਕੋ ਡਿ ਗਾਮਾ ਤੇ ਮਾਰਕੋ ਪੋਲੋ ਨੂੰ ਵੀ ਰੋਕੇ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ। 

ਐੱਮ.ਸੀ.ਏ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਹਾਜ਼ਾਂ ਨੂੰ ਬੰਦਰਗਾਹ 'ਤੇ ਰੋਕਿਆ ਜਾਣਾ ਬ੍ਰਿਟਿਸ਼ ਨਿਯਮਾਂ ਦੇ ਤਹਿਤ ਅਹਿਤਿਆਤੀ ਕਦਮ ਹੈ ਤਾਂਕਿ ਉਨ੍ਹਾਂ ਨੂੰ ਭੇਜਣ ਤੋਂ ਪਹਿਲਾਂ ਲੇਬਰ ਕਾਨੂੰਨਾਂ ਦੇ ਤਹਿਤ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਐੱਮ.ਸੀ.ਏ. ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੱਕ ਜਹਾਜ਼ ਬੰਦਰਗਾਹ ਤੋਂ ਨਹੀਂ ਜਾ ਸਕਦੇ।


Baljit Singh

Content Editor

Related News