ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਫੜੀ, 30 ਕਿਲੋਗ੍ਰਾਮ ਹੈਰੋਇਨ ਬਰਾਮਦ

04/15/2021 6:35:48 PM

ਨਵੀਂ ਦਿੱਲੀ— ਭਾਰਤੀ ਤੱਟ ਰੱਖਿਅਕਾਂ ਨੇ ਗੁਜਰਾਤ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨਾਲ ਮਿਲ ਕੇ ਵੀਰਵਾਰ ਨੂੰ ਕੱਛ ਜ਼ਿਲ੍ਹੇ ਦੇ ਜਖਾਊ ਤੱਟ ਨੇੜੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਫੜੀ, ਜਿਸ ’ਚ 8 ਪਾਕਿਸਤਾਨੀ ਨਾਗਰਿਕ ਸਵਾਰ ਸਨ। ਕਿਸ਼ਤੀ ਤੋਂ 30 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਭਾਰਤੀ ਤੱਟ ਰੱਖਿਅਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਸਮੁੰਦਰੀ ਸਰਹੱਦ ’ਚ ਇਕ ਪਾਕਿਸਤਾਨੀ ਕਿਸ਼ਤੀ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਬੰਧ ’ਚ ਸੂਚਨਾ ਮਿਲੀ ਸੀ। ਬਿਆਨ ਵਿਚ ਕਿਹਾ ਗਿਆ ਕਿ ਸੂਚਨਾ ਮਿਲਣ ਮਗਰੋਂ ਤੱਟ ਰੱਖਿਅਕ ਨੇ ਗੁਜਰਾਤ ਏ. ਟੀ. ਐੱਸ. ਨਾਲ ਮਿਲ ਕੇ ਮੁਹਿੰਮ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਭਾਰਤੀ ਜਲ ਖੇਤਰ ਦੇ ਅੰਦਰ ਸ਼ੱਕੀ ਪਾਕਿਸਤਾਨੀ ਕਿਸ਼ਤੀ ਨਜ਼ਰ ਆਈ ਅਤੇ ਤੱਟ ਰੱਖਿਅਕ ਕਾਮਿਆਂ ਨੇ ਇਸ ਕਿਸ਼ਤੀ ਨੂੰ ਘੇਰ ਲਿਆ। ਕਿਸ਼ਤੀ ’ਚੋਂ 150 ਕਰੋੜ ਰੁਪਏ ਦੀ ਕੀਮਤ ਦੀ ਕਰੀਬ 30 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਤਸਕਰੀ ਜ਼ਰੀਏ ਇਹ ਖੇਪ ਗੁਜਰਾਤ ਤੱਟ ਕੋਲ ਪਹੁੰਚਾਈ ਜਾਣ ਵਾਲੀ ਸੀ। ਕਿਸ਼ਤੀ ਅਤੇ ਇਸ ’ਤੇ ਸਵਾਰ 8 ਪਾਕਿਸਤਾਨੀਆਂ ਨੂੰ ਅੱਗੇ ਦੀ ਪੁੱਛ-ਗਿੱਛ ਲਈ ਜਖਾਊ ਲਿਆਂਦਾ ਗਿਆ ਹੈ। ਪਿਛਲੇ ਇਕ ਸਾਲ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਤੱਟ ਰੱਖਿਅਕ ਨੇ ਕਰੀਬ 5200 ਕਰੋੜ ਰੁਪਏ ਦੀ 1.6 ਟਨ ਤੋਂ ਵਧੇਰੇ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। 


Tanu

Content Editor

Related News