ਭਾਰਤੀ ਹਵਾਈ ਫੌਜ ''ਚ ਕਿਹੜੇ ਅਹੁਦੇ ''ਤੇ ਕਿੰਨੀਆਂ ਬੀਬੀਆਂ ਸ਼ਾਮਲ, ਸਰਕਾਰ ਨੇ ਦਿੱਤੀ ਪੂਰੀ ਜਾਣਕਾਰੀ

9/19/2020 2:52:50 PM

ਨਵੀਂ ਦਿੱਲੀ- ਭਾਰਤੀ ਹਵਾਈ ਫੌਜ (ਆਈ.ਏ.ਐੱਫ.) 'ਚ ਤਾਇਨਾਤ ਅਧਿਕਾਰੀ ਬੀਬੀਆਂ ਦੀ ਕੁੱਲ ਗਿਣਤੀ 1875 ਹੈ ਅਤੇ ਇਨ੍ਹਾਂ 'ਚੋਂ 10 ਲੜਾਕੂ ਜਹਾਜ਼ ਚਾਲਕ ਹਨ, ਜਦੋਂ ਕਿ 18 ਅਧਿਕਾਰੀ ਬੀਬੀਆਂ ਦਿਸ਼ਾ-ਸੰਚਾਲਕ (ਨੈਵੀਗੇਟਰ) ਹਨ। ਰਾਜ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਰੱਖਿਆ ਰਾਜ ਮੰਤਰੀ ਸ਼੍ਰੀਪਾਦ ਨਾਈਕ ਨੇ ਦੱਸਿਆ,''ਇਕ ਸਤੰਬਰ, 2020 ਦੀ ਸਥਿਤੀ ਅਨੁਸਾਰ ਭਾਰਤੀ ਹਵਾਈ ਫੌਜ 'ਚ ਤਾਇਨਾਤ ਅਧਿਕਾਰੀ ਬੀਬੀਆਂ ਦੀ ਗਿਣਤੀ 1875 ਹੈ। ਇਨ੍ਹਾਂ 'ਚੋਂ 10 ਅਧਿਕਾਰੀ ਬੀਬੀਆਂ ਲੜਾਕੂ ਪਾਇਲਟ ਹਨ ਅਤੇ 18 ਅਧਿਕਾਰੀ ਬੀਬੀਆਂ ਨੈਵੀਗੇਟਰ ਹਨ।'' ਉਨ੍ਹਾਂ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਸਾਲ 2016 'ਚ 'ਫਲਾਇੰਗ ਬਰਾਂਚ ਦੀ ਲੜਾਕੂ ਸਟਰੀਮ 'ਚ ਐੱਸ.ਐੱਸ.ਸੀ. ਅਧਿਕਾਰੀ ਬੀਬੀਆਂ ਦੇ ਪ੍ਰਵੇਸ਼ ਲਈ ਇਕ ਯੋਜਨਾ ਸ਼ੁਰੂ ਕੀਤੀ ਸੀ। ਇਸ ਦੇ ਅਧੀਨ 10 ਬੀਬੀਆਂ ਲੜਾਕੂ ਪਾਇਲਟਾਂ ਨੂੰ ਕਮਿਸ਼ਨ ਕੀਤਾ ਗਿਆ ਹੈ।

ਇਹ ਪੁੱਛੇ ਜਾਣ 'ਤੇ ਕਿ ਲੜਾਕੂ ਜਹਾਜ਼ ਚਾਲਕ ਬੀਬੀਆਂ ਵਲੋਂ ਸਰਹੱਦ ਪਾਰ ਜਾਂ ਦੁਸ਼ਮਣ ਦੇਸ਼ਾਂ ਦੀ ਸਰਹੱਦ ਰੇਖਾ ਦੇ ਨੇੜੇ-ਤੇੜੇ ਲੜਾਕੂ ਜਹਾਜ਼ ਉਡਾਉਂਦੇ ਸਮੇਂ ਕਿਸ ਤਰ੍ਹਾਂ ਦੀ ਸੁਰੱਖਿਆ ਸੰਬੰਧੀ ਸਾਵਧਾਨੀਆਂ ਵਰਤਣ ਦੇ ਦਿਸ਼ਾ-ਨਿਰਦੇਸ਼ ਹਨ। ਨਾਈਕ ਨੇ ਦੱਸਿਆ,''ਭਾਰਤੀ ਹਵਾਈ ਫੌਜ 'ਚ ਲੜਾਕੂ ਪਾਇਲਟ ਬੀਬੀਆਂ ਨੂੰ ਤੈਅ ਕੀਤੀ ਗਈ ਨੀਤੀ ਦੇ ਅਧੀਨ ਰਣਨੀਤਕ ਜ਼ਰੂਰਤਾਂ ਅਤੇ ਕਾਰਜਸ਼ੀਲ ਜ਼ਰੂਰਤਾਂ ਅਨੁਸਾਰ ਨਿਯੁਕਤ ਅਤੇ ਤਾਇਨਾਤ ਕੀਤਾ ਜਾਂਦਾ ਹੈ, ਜਿਸ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਂਦੀ ਹੈ।'' ਦੱਸਣਯੋਗ ਹੈ ਕਿ 2016 'ਚ ਪਹਿਲੀ ਵਾਰ ਤਿੰਨ ਲੜਾਕੂ ਜਹਾਜ਼ ਚਾਲਕ ਬੀਬੀਆਂ ਭਾਵਨਾ ਕੰਠ, ਅਵਨੀ ਚਤੁਰਵੇਦੀ ਅਤੇ ਮੋਹਨਾ ਸਿੰਘ ਨੂੰ ਭਾਰਤੀ ਹਵਾਈ ਫੌਜ ਦੇ ਲੜਾਕੂ ਬੇੜੇ 'ਚ ਸ਼ਾਮਲ ਕੀਤਾ ਗਿਆ ਸੀ।


DIsha

Content Editor DIsha