ਭਾਰਤੀ ਹਵਾਈ ਫ਼ੌਜ ਦੇ ‘ਰਾਫ਼ੇਲ’ ਬੇੜੇ ’ਚ ਜਲਦ ਸ਼ਾਮਲ ਹੋਵੇਗੀ ਪਹਿਲੀ ਪਾਇਲਟ ਬੀਬੀ

09/21/2020 4:46:04 PM

ਨਵੀਂ ਦਿੱਲੀ (ਭਾਸ਼ਾ)— ਭਾਰਤੀ ਹਵਾਈ ਫ਼ੌਜ ਦੀ ਇਕ ਬੀਬੀ ਪਾਇਲਟ ਛੇਤੀ ਹੀ ‘ਗੋਲਡਨ ਏਰੋ’ ਸਕੁਐਡਰਨ ’ਚ ਸ਼ਾਮਲ ਹੋਵੇਗੀ, ਜਿਸ ਨੂੰ ਹਾਲ ਹੀ ’ਚ ਰਾਫ਼ੇਲ ਲੜਾਕੂ ਜਹਾਜ਼ਾਂ ’ਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਬੀ ਪਾਇਲਟ ਰਾਫ਼ੇਲ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਹੀ ਹੈ। ਸੂਤਰਾਂ ਮੁਤਾਬਕ ਉਹ ਮਿਗ-21 ਲੜਾਕੂ ਜਹਾਜ਼ ਉਡਾਉਂਦੀ ਰਹੀ ਹੈ ਅਤੇ ਉਨ੍ਹਾਂ ਨੂੰ ਰਾਫ਼ੇਲ ਲਈ ਅੰਦਰੂਨੀ ਚੋਣ ਪ੍ਰਕਿਰਿਆ ਵਲੋਂ ਚੁਣਿਆ ਗਿਆ ਹੈ।

PunjabKesari

ਮੌਜੂਦਾ ਸਮੇਂ ਵਿਚ ਭਾਰਤੀ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਉਡਾਉਣ ਵਾਲੀਆਂ 10 ਪਾਇਲਟ ਬੀਬੀਆਂ ਅਤੇ 18 ਨੈਵੀਗੇਟਰ ਬੀਬੀਆਂ ਹਨ। ਹਵਾਈ ਫ਼ੌਜ ਵਿਚ ਇਸ ਸਮੇਂ ਬੀਬੀ ਅਧਿਕਾਰੀਆਂ ਦੀ ਕੁੱਲ ਗਿਣਤੀ 1,875 ਹੈ। ਬੀਤੇ ਹਫ਼ਤੇ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਸੰਸਦ ਵਿਚ ਕਿਹਾ ਸੀ ਕਿ ਹਵਾਈ ਫ਼ੌਜ ਵਿਚ ਰਣਨੀਤਕ ਜ਼ਰੂਰਤਾਂ ਨੂੰ ਦੇਖਦਿਆਂ ਬੀਬੀ ਲੜਾਕੂ ਪਾਇਲਟਾਂ ਨੂੰ ਸ਼ਾਮਲ ਅਤੇ ਤਾਇਨਾਤ ਕੀਤਾ ਗਿਆ ਹੈ। ਪਿਛਲੇ ਸਾਲ 10 ਸਤੰਬਰ ਨੂੰ ਹਵਾਈ ਫ਼ੌਜ ਦੀ ‘ਗੋਲਡਨ ਏਰੋ’ ਸਕੁਐਡਰਨ ਦਾ ਮੁੜ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 'ਰਾਫ਼ੇਲ' ਭਾਰਤੀ ਹਵਾਈ ਫ਼ੌਜ ਦੀ ਸ਼ਾਨ, ਜਾਣੋ ਕੀ ਹੈ ਇਸ ਲੜਾਕੂ ਜਹਾਜ਼ ਦੀ ਖ਼ਾਸੀਅਤ 

ਜ਼ਿਕਰਯੋਗ ਹੈ ਕਿ ਫਰਾਂਸ ਤੋਂ 5 ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ ਬੀਤੀ 29 ਜੁਲਾਈ ਨੂੰ ਹਰਿਆਣਾ ਦੇ ਅੰਬਾਲਾ ਸਥਿਤ ਏਅਰਬੇਸ ’ਚ ਪਹੁੰਚੀ ਸੀ। ਰਸਮੀ ਤੌਰ ’ਤੇ ਰਾਫ਼ੇਲ ਨੂੰ 10 ਸਤੰਬਰ 2020 ਨੂੰ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਕੀਤਾ ਗਿਆ। ਭਾਰਤ ਨੇ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਹੈ। ਇਨ੍ਹਾਂ ’ਚੋਂ ਅਜੇ 5 ਜਹਾਜ਼ ਭਾਰਤ ਨੂੰ ਮਿਲੇ ਹਨ। 4 ਜਹਾਜ਼ਾਂ ਦੀ ਖੇਪ ਅਕਤੂਬਰ-ਨਵੰਬਰ ’ਚ ਆਉਣ ਦੀ ਸੰਭਾਵਨਾ ਹੈ। ਬਾਕੀ ਦੇ ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਵਿਚ ਪੂਰੀ ਹੋ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅੰਬਾਲਾ ਏਅਰਬੇਸ: ਹਵਾਈ ਫ਼ੌਜ 'ਚ ਸ਼ਾਮਲ ਹੋਇਆ ਦੁਸ਼ਮਣ ਦਾ ਕਾਲ 'ਰਾਫ਼ੇਲ'


Tanu

Content Editor

Related News