ਕੁੜੀਆਂ ਤੋਂ ਬਾਅਦ ਭਾਰਤੀ ਮੁੰਡਿਆਂ ਨੇ ਵੀ ਰਚਿਆ ਇਤਿਹਾਸ, ਦੋਵੇਂ ਟੀਮਾਂ ਬਣ ਗਈਆਂ World Champion
Monday, Jan 20, 2025 - 06:05 AM (IST)

ਸਪੋਰਟਸ ਡੈਸਕ- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਖੇਡੇ ਗਏ ਪਹਿਲੇ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਪੁਰਸ਼ ਟੀਮ ਨੇ ਨੇਪਾਲ ਨੂੰ 54-36 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।
ਪੁਰਸ਼ ਟੀਮ ਨੇ ਕੁਝ ਦਿਨ ਪਹਿਲਾਂ ਹੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਵੀ ਨੇਪਾਲ ਨੂੰ ਹਰਾਇਆ ਸੀ ਤੇ ਇਸ ਮਗਰੋਂ ਉਨ੍ਹਾਂ ਦੇ ਪੇਚਾ ਫਾਈਨਲ 'ਚ ਵੀ ਨੇਪਾਲ ਨਾਲ ਹੀ ਪੈ ਗਿਆ, ਜਿਨ੍ਹਾਂ ਨੇ ਭਾਰਤੀ ਟੀਮ ਨੂੰ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਭਾਰਤੀ ਟੀਮ ਅੱਗੇ ਟਿਕ ਨਾ ਸਕੀ ਤੇ ਅੰਤ 54-36 ਨਾਲ ਮੁਕਾਬਲਾ ਹਾਰ ਗਈ।
ਮੈਨ ਇਨ ਬਲੂ ਨੇ ਪਹਿਲੇ ਟਰਨ 'ਚ ਹਮਲਾਵਰ ਰੁਖ਼ ਅਪਣਾਉਂਦਿਆਂ 26-0 ਦੀ ਵੱਡੀ ਲੀਡ ਹਾਸਲ ਕੀਤੀ। ਉਨ੍ਹਾਂ ਨੇ ਡਿਫੈਂਡ ਕਰਦੇ ਹੋਏ ਨੇਪਾਲੀ ਖਿਡਾਰੀਆਂ ਨੂੰ ਜ਼ਿਆਦਾ ਪੁਆਇੰਟ ਹਾਸਲ ਨਹੀਂ ਕਰਨ ਦਿੱਤੇ। ਨੇਪਾਲ ਪਹਿਲੇ ਦੋ ਟਰਨਾਂ ਤੋਂ ਬਾਅਦ ਸਿਰਫ਼ 18 ਅੰਕ ਹੀ ਜੁਟਾ ਸਕੀ, ਜਦਕਿ ਭਾਰਤੀ ਟੀਮ 26-18 ਨਾਲ ਅੱਗੇ ਸੀ।
ਭਾਰਤੀ ਪੁਰਸ਼ਾਂ ਨੇ ਫਿਰ ਤੀਜੇ ਟਰਨ ਵਿੱਚ ਹਮਲਾ ਹੋਰ ਵੀ ਤੇਜ਼ ਕਰ ਦਿੱਤਾ। ਉਨ੍ਹਾਂ ਨੇ ਇਸ ਟਰਨ 'ਚ 28 ਅੰਕ ਇਕੱਠੇ ਕੀਤੇ, ਜਿਸ ਨਾਲ ਨੇਪਾਲ ਕੋਲ ਆਖਰੀ ਟਰਨ 'ਚ ਬਹੁਤਾ ਕੁਝ ਕਰਨ ਦਾ ਮੌਕਾ ਹੀ ਨਹੀਂ ਬਚਿਆ, ਕਿਉਂਕਿ ਭਾਰਤੀ ਟੀਮ ਨੇ 38 ਅੰਕਾਂ ਦੀ ਵੱਡੀ ਲੀਡ ਹਾਸਲ ਕਰ ਲਈ ਸੀ।
ਨੇਪਾਲ ਦੀ ਟੀਮ ਨੂੰ ਚੌਥੇ ਟਰਨ 'ਚ ਜਿੱਤ ਲਈ 37 ਅੰਕਾਂ ਦੀ ਲੋੜ ਸੀ, ਪਰ ਉਹ ਸਿਰਫ਼ ਅੱਠ ਅੰਕ ਹੀ ਹਾਸਲ ਕਰ ਸਕੀ, ਜਿਸ ਨਾਲ ਭਾਰਤ ਨੇ 54-36 ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲਾ ਪੁਰਸ਼ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕਰ ਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਵੀ ਭਾਰਤੀ ਟੀਮ ਨੇ ਨੇਪਾਲ ਨੂੰ 78-40 ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ। ਇਸ ਤਰ੍ਹਾਂ ਪਹਿਲੇ ਖੋ-ਖੋ ਵਿਸ਼ਵ ਕੱਪ ਦੇ ਦੋਵਾਂ ਪੁਰਸ਼ ਤੇ ਮਹਿਲਾ ਖ਼ਿਤਾਬਾਂ 'ਤੇ ਭਾਰਤ ਨੇ ਕਬਜ਼ਾ ਕਰ ਲਿਆ ਹੈ, ਜਦਕਿ ਨੇਪਾਲ ਦੀ ਟੀਮ ਦੋਵਾਂ ਪਾਸੇ ਹੀ ਰਨਰ ਅਪ ਰਹੀ ਹੈ।
ਇਹ ਵੀ ਪੜ੍ਹੋ- ਭਾਰਤੀ ਕੁੜੀਆਂ ਨੇ ਕਰਾ'ਤੀ ਬੱਲੇ-ਬੱਲੇ, ਨੇਪਾਲ ਨੂੰ ਹਰਾ ਕੇ ਜਿੱਤ ਲਿਆ ਪਹਿਲਾ ਖੋ-ਖੋ ਵਿਸ਼ਵ ਕੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e