2050 ਤੱਕ ਭਾਰਤ ਲਈ ਖੜ੍ਹੀ ਹੋ ਜਾਵੇਗੀ ਇਹ ਵੱਡੀ ਸਮੱਸਿਆ, UN ਦੀ ਰਿਪੋਰਟ 'ਚ ਖ਼ੁਲਾਸਾ

Wednesday, Apr 26, 2023 - 02:05 PM (IST)

ਨਵੀਂ ਦਿੱਲੀ- ਜਾਪਾਨ, ਚੀਨ ਅਤੇ ਯੂਰਪੀ ਦੇਸ਼ਾਂ ਨੂੰ ਹੀ ਨਹੀਂ, ਸਗੋਂ ਦੁਨੀਆ ਦੇ ਸਭ ਤੋਂ ਜਵਾਨ ਦੇਸ਼ ਕਹੇ ਜਾਣ ਵਾਲੇ ਭਾਰਤ ਨੂੰ ਵੀ ਆਪਣੀ ਬੁੱਢੀ ਹੁੰਦੀ ਆਬਾਦੀ ਲਈ ਤਿਆਰੀਆਂ ਦੀ ਜ਼ਰੂਰਤ ਹੈ। ਯੂ.ਐੱਨ. ਦੀ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ 2050 ਤੱਕ ਭਾਰਤ ਦੀ ਆਬਾਦੀ 'ਚ 65 ਸਾਲ ਤੋਂ ਵੱਧ ਦੇ ਬਜ਼ੁਰਗਾਂ ਦੀ ਗਿਣਤੀ ਹੁਣ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਵੇਗੀ। ਜਦੋਂ ਕਿ ਇਸ ਦੌਰਾਨ ਚੀਨ 'ਚ ਬਜ਼ੁਰਗਾਂ ਦੀ ਆਬਾਦੀ ਦੁੱਗਣੀ ਹੋਵੇਗੀ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਦੇ ਬੁੱਢੇ ਹੋਣ 'ਚ ਅਜੇ ਕਾਫ਼ੀ ਸਮਾਂ ਹੈ ਪਰ ਚੀਨ ਇਸ ਦੇ ਨਤੀਜੇ ਭੁਗਤ ਰਿਹਾ ਹੈ। ਉਸ ਦੇ ਵਰਕਫੋਰਸ 'ਚ 4.1 ਕਰੋੜ ਲੋਕਾਂ ਦੀ ਘਾਟ ਹੋ ਗਈ ਹੈ। ਇਹ ਜਰਮਨੀ ਦੀ ਪੂਰੀ ਆਬਾਦੀ ਦੇ ਬਰਾਬਰ ਹੈ। ਇਸ ਦੇ ਅਜੇ ਹੋਰ ਘੱਟਦੇ ਜਾਣ ਦਾ ਖ਼ਦਸ਼ਾ ਹੈ। 2040 ਤੱਕ ਚੀਨ ਦੀ ਆਬਾਦੀ 'ਚ 65 ਸਾਲ ਦੇ ਬਜ਼ੁਰਗਾਂ ਦੀ ਹਿੱਸੇਦਾਰੀ 25 ਸਾਲ ਤੋਂ ਘੱਟ ਨੌਜਵਾਨਾਂ ਤੋਂ ਵੱਧ ਹੋ ਜਾਵੇਗੀ। 2050 ਤੱਕ ਤਾਂ ਇਹ ਆਬਾਦੀ ਵੱਧ ਕੇ 30 ਫੀਸਦੀ ਹੋ ਜਾਵੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਦੋਹਾਂ ਨੂੰ ਸਮਾਜਿਕ ਸੁਰੱਖਿਆ ਦੀ ਤਿਆਰੀ ਕਰਨ ਦੀ ਲੋੜ ਹੈ। ਬਜ਼ੁਰਗ ਹੁੰਦੀ ਆਬਾਦੀ ਦੇ ਸਿਹਤ ਦੀ ਦੇਖਭਾਲ ਅਤੇ ਬੀਮੇ ਦੀ ਵਿਵਸਥਾ ਕਰਨ 'ਤੇ ਕਾਫ਼ੀ ਪੈਸਾ ਖਰਚ ਹੋਵੇਗਾ। ਜਦੋਂ ਬਜ਼ੁਰਗਾਂ ਦੀ ਦੇਖਭਾਲ ਕਰ ਸਕਣ ਵਾਲੇ ਨੌਜਵਾਨਾਂ ਦੀ ਆਬਾਦੀ ਘੱਟ ਹੋਵੇਗੀ ਤਾਂ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋਣਗੇ। ਇਨ੍ਹਾਂ ਦੋਹਾਂ ਦੇਸ਼ਾਂ 'ਚ ਦੁਨੀਆ ਦੀ ਇਕ ਤਿਹਾਈ ਆਬਾਦੀ ਰਹਿੰਦੀ ਹੈ। ਇਸ ਲਈ ਇੱਥੇ ਦੇ ਹਾਲਾਤ ਖ਼ਰਾਬ ਹੋਣ 'ਤੇ ਲਗਾਤਾਰ ਵਿਕਾਸ ਦਾ ਟੀਚਾ ਪੂਰਾ ਹੋਣ 'ਚ ਮੁਸ਼ਕਲ ਆਵੇਗੀ।


DIsha

Content Editor

Related News