ਫ਼ਰਾਂਸ ਤੋਂ 26 ਰਾਫੇਲ ਅਤੇ 3 ਸਕਾਰਪੀਅਨ ਪਣਡੁੱਬੀਆਂ ਖਰੀਦੇਗਾ ਭਾਰਤ, ਹੋਵੇਗਾ 90,000 ਕਰੋੜ ਦਾ ਸੌਦਾ

Tuesday, Jul 11, 2023 - 11:39 AM (IST)

ਨਵੀਂ ਦਿੱਲੀ, (ਏ. ਐੱਨ. ਆਈ.)- ਰੱਖਿਆ ਮੰਤਰਾਲਾ ਨੇ ਫ਼ਰਾਂਸ ਤੋਂ 26 ਰਾਫੇਲ ਫਾਈਟਰ ਜਹਾਜ਼ ਅਤੇ 3 ਸਕਾਰਪੀਅਨ ਕਲਾਸ ਰਵਾਇਤੀ ਪਣਡੁੱਬੀਆਂ ਖਰੀਦਣ ਦੀ ਯੋਜਨਾ ਦੇ ਸੰਕੇਤ ਦਿੱਤੇ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਸਤਾਵਾਂ ਨੂੰ ਰੱਖਿਆ ਮੰਤਰਾਲਾ ਦੇ ਰੱਖਿਆ ਖਰੀਦ ਬੋਰਡ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ 13 ਜੁਲਾਈ ਨੂੰ ਚਰਚਾ ਲਈ ਰੱਖਿਆ ਪ੍ਰਾਪਤੀ ਕੌਂਸਲ ’ਚ ਰੱਖਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਕੌਂਸਲ ਦੀ ਮਨਜ਼ੂਰੀ ਤੋਂ ਬਾਅਦ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਰਾਂਸ ਯਾਤਰਾ ’ਚ ਇਸ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਪ੍ਰਸਤਾਵਾਂ ਅਨੁਸਾਰ ਭਾਰਤੀ ਸਮੁੰਦਰੀ ਫੌਜ ਨੂੰ 4 ਟ੍ਰੇਨਰ ਜਹਾਜ਼ਾਂ ਦੇ ਨਾਲ 22 ਸਿੰਗਲ-ਸੀਟਰ ਰਾਫੇਲ ਸਮੁੰਦਰੀ ਜਹਾਜ਼ ਮਿਲਣਗੇ। ਸਮੁੰਦਰੀ ਫੌਜ ਇਨ੍ਹਾਂ ਲੜਾਕੂ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਤੁਰੰਤ ਪ੍ਰਾਪਤ ਕਰਨ ਲਈ ਦਬਾਅ ਪਾ ਰਹੀ ਹੈ, ਕਿਉਂਕਿ ਉਹ ਸੁਰੱਖਿਆ ਚੁਣੌਤੀਆਂ ਦੇ ਮੱਦੇਨਜਰ ਇਸ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ।

ਜਹਾਜ਼ ਵਾਹਕ ਆਈ. ਐੱਨ. ਐੱਸ. ਵਿਕਰਮਾਦਿਤਿਆ ਅਤੇ ਵਿਕ੍ਰਾਂਤ ਮਿਗ-29 ਐੱਸ ਦਾ ਸੰਚਾਲਨ ਕਰ ਰਹੇ ਹਨ ਅਤੇ ਦੋਵਾਂ ਵਾਹਕਾਂ ’ਤੇ ਸੰਚਾਲਨ ਲਈ ਰਾਫੇਲ ਫਾਈਟਰ ਜਹਾਜ਼ਾਂ ਦੀ ਲੋੜ ਹੈ। 3 ਸਕਾਰਪੀਅਨ ਕਲਾਸ ਪਣਡੁੱਬੀਆਂ ਨੂੰ ਨੇਵੀ ਵੱਲੋਂ ਪ੍ਰਾਜੈਕਟ 75 ਦੇ ਹਿੱਸੇ ਦੇ ਰੂਪ ’ਚ ਰਿਪੀਟ ਕਲਾਜ ਦੇ ਤਹਿਤ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਦਾ ਨਿਰਮਾਣ ਮੁੰਬਈ ’ਚ ਮਜਗਾਓਂ ਡਾਕ ਯਾਰਡਸ ਲਿਮਟਿਡ ’ਚ ਕੀਤਾ ਜਾਵੇਗਾ।

ਸੌਦਿਆਂ ਦੀ ਕੀਮਤ 90,000 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ ਪਰ ਸਮਝੌਤਾ ਗੱਲਬਾਤ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਲਾਗਤ ਸਪੱਸ਼ਟ ਹੋ ਸਕੇਗੀ। ਭਾਰਤ ਇਸ ਸੌਦੇ ’ਚ ਵੱਧ ਤੋਂ ਵੱਧ ‘ਮੇਕ-ਇਨ-ਇੰਡੀਆ’ ਸਮੱਗਰੀ ਅਤੇ ਵੱਧ ਤੋਂ ਵੱਧ ਛੋਟ ਦੀ ਮੰਗ ਕਰੇਗਾ।


Rakesh

Content Editor

Related News