ਪੁਰੀ ਪੀਠ ਦੇ ਸ਼ੰਕਰਾਚਾਰੀਆ ਦਾ ਵੱਡਾ ਬਿਆਨ, ਕਿਹਾ- ਭਾਰਤ ਛੇਤੀ ਹੀ ਬਣ ਜਾਏਗਾ ਹਿੰਦੂ ਰਾਸ਼ਟਰ

Friday, Sep 16, 2022 - 03:59 PM (IST)

ਪ੍ਰਯਾਗਰਾਜ (ਭਾਸ਼ਾ)– ਉੱਤਰ ਪ੍ਰਦੇਸ਼ ’ਚ ਮਦਰੱਸਿਆਂ ਦੇ ਸਰਵੇਖਣ ਨੂੰ ਲੈ ਕੇ ਮੁਸਲਿਮ ਧਰਮ ਗੁਰੂਆਂ ਦੇ ਵਿਰੋਧ ’ਤੇ ਗੋਵਰਧਨ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ ਵੀਰਵਾਰ ਨੂੰ ਕਿਹਾ ਕਿ ਜਿਥੇ ਅੱਤਵਾਦ ਨੂੰ ਪਨਾਹ ਮਿਲੇ, ਉਹ ਸਥਾਨ ਮੱਠ, ਮੰਦਿਰ, ਮਸਜਿਦ ਨਾ ਹੋ ਕੇ ਅੱਤਵਾਦ ਦੇ ਕੇਂਦਰ ਕਹਿਣ ਯੋਗ ਹਨ। ਇਥੇ ਝੂੰਸੀ ਸਥਿਤ ਸ਼ਿਵ ਗੰਗਾ ਆਸ਼ਰਮ ’ਚ ਗੱਲਬਾਤ ਕਰਦੇ ਹੋਏ ਉਨ੍ਹਾਂ ਕਾਸ਼ੀ ’ਚ ਵਿਸ਼ਵਨਾਥ ਅਤੇ ਮਥੁਰਾ ’ਚ ਕ੍ਰਿਸ਼ਨ ਜਨਮਭੂਮੀ ਨੂੰ ਲੈ ਕੇ ਚੱਲ ਰਹੇ ਮੁਕੱਦਮਿਆਂ ਬਾਰੇ ਕਿਹਾ ਕਿ ਸਾਡੇ ਪਵਿੱਤਰ ਸਥਾਨਾਂ ਨੂੰ ਤੋੜਿਆ ਅਤੇ ਖਰਾਬ ਕਰ ਕੇ ਜੋ ਵੀ ਸੰਸਥਾਨ ਬਣਾਏ ਗਏ ਹਨ, ਉਨ੍ਹਾਂ ’ਤੇ ਮੁੜ ਸਾਡਾ ਅਧਿਕਾਰ ਹੋਣਾ ਹੀ ਚਾਹੀਦਾ।

ਉਨ੍ਹਾਂ ਕਿਹਾ ਕਿ ਸਾਰਿਆਂ ਦੇ ਪੂਰਵਜ ਸਨਾਤਨੀ ਵੈਦਿਕ ਆਰਿਆ ਹਿੰਦੂ ਸਨ। ਆਪਣੇ ਪੂਰਵਜਾਂ ਦੇ ਰਾਹ ’ਤੇ ਸਾਰੇ ਵਧਣ-ਫੁੱਲਣ, ਇਹੀ ਸਾਡੀ ਭਾਵਨਾ ਹੈ। ਸੱਚ ਨੂੰ ਸਵੀਕਾਰ ਕਰੋ। ਹਾਲ ਹੀ ’ਚ ਬ੍ਰਹਮਲੀਨ ਹੋਏ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦੇ ਵਾਰਿਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਵਾਮੀ ਸਵਰੂਪਾਨੰਦ ਸਰਸਵਤੀ ਕਿਸੇ ਨੂੰ ਆਪਣਾ ਵਾਰਿਸ ਨਹੀਂ ਬਣਾ ਕੇ ਗਏ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮੁੱਦੇ ’ਤੇ ਸ਼ੰਕਰਾਚਾਰੀਆ ਨੇ ਕਿਹਾ ਕਿ ਜੇ ਭਾਰਤ ਹਿੰਦੂ ਰਾਸ਼ਟਰ ਐਲਾਨਿਆ ਜਾਂਦਾ ਹੈ ਤਾਂ ਦੁਨੀਆ ਦੇ 15 ਦੇਸ਼ ਇਕ ਸਾਲ ਦੇ ਅੰਦਰ ਖੁਦ ਨੂੰ ਹਿੰਦੂ ਰਾਸ਼ਟਰ ਐਲਾਨ ਦੇਣਗੇ। ਇਨ੍ਹਾਂ ਦੇਸ਼ਾਂ ਦਾ ਮੰਣਨਾ ਹੈ ਕਿ ਭਾਰਤ ਦੀ ਦਿਸ਼ਾਹੀਣਤਾ ਦੇ ਕਾਰਨ ਉਨ੍ਹਾਂ ਦੇ ਹੱਥ ਬੱਝੇ ਹਨ।


Rakesh

Content Editor

Related News