ਵਿਸ਼ਵ ਗੁਰੂ ਤਾਂ ਭਾਰਤ ਹੀ ਹੋਵੇਗਾ : ਧਨਖੜ

Wednesday, Mar 26, 2025 - 12:49 AM (IST)

ਵਿਸ਼ਵ ਗੁਰੂ ਤਾਂ ਭਾਰਤ ਹੀ ਹੋਵੇਗਾ : ਧਨਖੜ

ਨਵੀਂ ਦਿੱਲੀ, (ਭਾਸ਼ਾ)- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਵਿਸ਼ਵ ਗੁਰੂ ਤਾਂ ਭਾਰਤ ਹੀ ਬਣੇਗਾ। ਉਪਰਲੇ ਹਾਊਸ ਭਾਵ ਕਾਜ ਸਭਾ ’ਚ ਮੰਗਲਵਾਰ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਭਾਰਤ ਦੀ ਇਕ ਵੱਡੀ ਆਬਾਦੀ ਏ. ਆਈ. ਟਾਸਕਫੋਰਸ ਦਾ ਹਿੱਸਾ ਹੈ। ਫਿਰ ਵੀ ਭਾਰਤ ਇਸ ਖੇਤਰ ’ਚ ਉਹ ਤਰੱਕੀ ਨਹੀਂ ਕਰ ਸਕਿਆ ਜੋ ਉਸ ਨੂੰ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਿਸ ਕੋਲ ਏ. ਆਈ. ਦੀ ਸ਼ਕਤੀ ਹੋਵੇਗੀ, ਉਹ ਹੀ ਵਿਸ਼ਵ ਗੁਰੂ ਹੋਵੇਗਾ, ਇਸ ਲਈ ਭਾਰਤ ਨੂੰ ‘ਮੇਕ ਇਨ ਇੰਡੀਆ’ ਦੇ ਨਾਲ-ਨਾਲ ‘ਮੇਕ ਏ. ਆਈ. ਇਨ ਇੰਡੀਆ’ ਦੇ ਮੰਤਰ ਨਾਲ ਅੱਗੇ ਵਧਣਾ ਹੋਵੇਗਾ।

ਇਸ ’ਤੇ ਚੇਅਰਮੈਨ ਧਨਖੜ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਵਿਸ਼ਵ ਗੁਰੂ ਤਾਂ ਭਾਰਤ ਹੀ ਬਣੇਗਾ। ਰਾਘਵ ਚੱਢਾ ਨੇ ਕਿਹਾ ਕਿ ਅੱਜ ਏ. ਆਈ. ਕ੍ਰਾਂਤੀ ਦਾ ਯੁੱਗ ਹੈ। ਅਮਰੀਕਾ ਕੋਲ ਚੈਟਜੀਪੀਟੀ, ਜੈਮਿਨੀ ਤੇ ਐਂਥ੍ਰੋਪਿਕ ਗ੍ਰੋਕ ਵਰਗੇ ਆਪਣੇ ਮਾਡਲ ਹਨ। ਚੀਨ ਨੇ ਡੀਪਸੀਕ ਵਰਗਾ ਸਭ ਤੋਂ ਸਮਰੱਥ ਤੇ ਸਭ ਤੋਂ ਘੱਟ ਲਾਗਤ ਵਾਲਾ ਏ. ਆਈ. ਮਾਡਲ ਵਿਕਸਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਤੇ ਚੀਨ ਦੇ ਆਪਣੇ ਸਵਦੇਸ਼ੀ ਮਾਡਲ ਹਨ ਪਰ ਭਾਰਤ ਕਿੱਥੇ ਹੈ? ਉਸ ਦਾ ਆਪਣਾ ਜੈਨਰੇਟਿਵ ਏ. ਆਈ. ਮਾਡਲ ਕਿੱਥੇ ਹੈ?

ਚੱਢਾ ਨੇ ਕਿਹਾ ਕਿ 2010 ਤੋਂ 2022 ਤੱਕ ਦੁਨੀਆ ’ਚ ਰਜਿਸਟਰਡ ਸਾਰੇ ਪੇਟੈਂਟਾਂ ’ਚੋਂ 60 ਫੀਸਦੀ ਅਮਰੀਕਾ ਅਤੇ 20 ਫੀਸਦੀ ਚੀਨ ਨੇ ਜਿੱਤੇ ਸਨ, ਜਦੋਂ ਕਿ ਭਾਰਤ ਨੂੰ ਸਿਰਫ਼ ਅੱਧਾ ਫੀਸਦੀ ਹੀ ਮਿਲਿਆ ਸੀ।


author

Rakesh

Content Editor

Related News