ਅਫਗਾਨਿਸਤਾਨ ਦੀ ਸਥਿਤੀ ’ਤੇ ਕਰੀਬੀ ਨਜ਼ਰ, ਭਾਰਤੀ ਮਿਸ਼ਨ ਖੁੱਲ੍ਹੇ ਹਨ ਤੇ ਕੰਮ ਕਰ ਰਹੇ ਹਨ : ਵਿਦੇਸ਼ ਮੰਤਰਾਲਾ
Friday, Jul 09, 2021 - 03:41 PM (IST)
ਨਵੀਂ ਦਿੱਲੀ– ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ ’ਚ ਵਿਗੜਦੀ ਸੁਰੱਖਿਆ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਨਾਲ ਹੀ ਸਪਸ਼ਟ ਕੀਤਾ ਕਿ ਉਸ ਦੇਸ਼ ’ਚ ਭਾਰਤੀ ਮਿਸ਼ਨ ਅਤੇ ਵਪਾਰਕ ਦੂਤਘਰ ਖੁੱਲ੍ਹੇ ਹਨ ਅਤੇ ਕੰਮ ਕਰ ਰਹੇ ਹਨ। ਉਥੇ ਹੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ’ਚ ਭਾਰਤ ਦਾ ਹੱਥ ਹੋਣ ਦੇ ਪਾਕਿਸਤਾਨ ਦੇ ਦੋਸ਼ਾਂ ’ਤੇ ਕਿਹਾ ਕਿ ਭਾਰਤ ਖਿਲਾਫ ਬੇਬੁਨਿਆਦ ਦੁਰਪ੍ਰਚਾਰ ਕਰਨਾ ਪਾਕਿਸਤਾਨ ਲਈ ਕੋਈ ਨਵੀਂ ਗੱਲ ਨਹੀਂ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਡਿਜੀਟਲ ਮਾਧਿਅਮ ਨਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਬੁਲਾਰੇ ਤੋਂ ਉਨ੍ਹਾਂ ਖਬਰਾਂ ਬਾਰੇ ਪੁੱਛਿਆ ਗਿਆ ਸੀ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਅਫਗਾਨਿਸਤਾਨ ’ਚ ਹਿੰਸਾ ’ਚ ਵਾਧੇ ਨੂੰ ਵੇਖਦੇ ਹੋਏ ਭਾਰਤ ਉਥੇ ਆਪਣੇ ਮਿਸ਼ਨਾਂ ਨੂੰ ਬੰਦ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਪਿਛਲੇ ਮੰਗਲਵਾਰ ਨੂੰ ਕਾਬੁਲ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ’ਚ ਵਿਗੜਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਇਨ੍ਹਾਂ ਖਬਰਾਂ ਬਾਰੇ ਕਾਬੁਲ ’ਚ ਸਾਡੇ ਹਾਈ ਕਮਿਸ਼ਨ ਨੇ ਵੀ ਸਥਿਤ ਸਪਸ਼ਟ ਕਰ ਦਿੱਤੀ ਸੀ। ਬਾਗਚੀ ਨੇ ਕਿਹਾ ਕਿ ਕਾਬੁਲ ’ਚ ਭਾਰਤੀ ਹਾਈ ਕਮਿਸ਼ਨ, ਕੰਧਾਰ ਅਤੇ ਮਜਾਰ ’ਚ ਵਪਾਰਕ ਦੂਤਘਰ ਖੁੱਲ੍ਹੇ ਹਨ ਅਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਲਾਂਕਿ, ਸਾਵਧਾਨੀ ਨਾਲ ਅਫਗਾਨਿਸਤਾਨ ’ਚ ਖਰਾਬ ਹੁੰਦੀ ਸੁਰੱਖਿਆ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਸਾਡੀ ਪ੍ਰਤੀਕਿਰਿਆ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਚੀਜ਼ਾਂ ਕਿਸ ਤਰ੍ਹਾਂ ਅੱਗੇ ਵਧਦੀਆਂ ਹਨ।