ਬੰਗਲਾਦੇਸ਼ ਨੂੰ ਮੁੜ ਕੋਵਿਡ-19 ਵੈਕਸੀਨ ਦੀ ਸਪਲਾਈ ਸ਼ੁਰੂ ਕਰਨ ਦਾ ਇੱਛੁਕ ਹੈ ਭਾਰਤ

Tuesday, Jun 22, 2021 - 06:28 PM (IST)

ਬੰਗਲਾਦੇਸ਼ ਨੂੰ ਮੁੜ ਕੋਵਿਡ-19 ਵੈਕਸੀਨ ਦੀ ਸਪਲਾਈ ਸ਼ੁਰੂ ਕਰਨ ਦਾ ਇੱਛੁਕ ਹੈ ਭਾਰਤ

ਢਾਕਾ (ਬਿਊਰੋ)– ਬੰਗਲਾਦੇਸ਼ ’ਚ ਭਾਰਤ ਦੇ ਰਾਜਦੂਤ ਵਿਕ੍ਰਮ ਦੋਰਾਈਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਜਲਦ ਤੋਂ ਜਲਦ ਢਾਕਾ ਨੂੰ ਕੋਵਿਡ-19 ਟੀਕਿਆਂ ਦੀ ਸਪਲਾਈ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਇੱਛੁਕ ਹੈ ਪਰ ਅਜੇ ਤਕ ਇਹ ਨਹੀਂ ਪਤਾ ਕਿ ਇਹ ਸਪਲਾਈ ਮੁੜ ਕਦੋਂ ਸ਼ੁਰੂ ਹੋਵੇਗੀ।

ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ’ਚ ਅਵਾਮੀ ਜੁਬੋ ਲੀਗ ਦੇ ਮੁਖੀ ਫੈਜ਼ਲ ਸ਼ਮਸ ਪਾਰਾਸ਼ ਨਾਲ ਬੈਠਕ ਤੋਂ ਬਾਅਦ ਦੋਰਾਈਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਉਮੀਦ ਹੈ ਕਿ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ।’

ਉਨ੍ਹਾਂ ਕਿਹਾ, ‘ਭਾਰਤ ’ਚ ਕੋਰੋਨਾ ਦੀ ਸਥਿਤੀ ਅਜੇ ਤਕ ਖ਼ਤਰਨਾਕ ਪੱਧਰ ’ਤੇ ਹੈ। ਇਸ ਲਈ ਅਸੀਂ ਅਜੇ ਬੰਗਲਾਦੇਸ਼ ਨੂੰ ਵੈਕਸੀਨ ਦੇਣ ਦਾ ਸਹੀ ਸਮਾਂ ਨਹੀਂ ਦੱਸ ਪਾ ਰਹੇ ਹਾਂ।’

ਦੂਜੇ ਪਾਸੇ ਪਾਰਾਸ਼ ਨੇ 1971 ਦੇ ਮੁਕਤੀ ਸੰਗਰਾਮ ਦੌਰਾਨ ਭਾਰਤ ਦੀ ਮਹੱਤਵਪੂਰਨ ਮਦਦ ਨੂੰ ਯਾਦ ਕੀਤਾ ਤੇ ਕਿਹਾ ਕਿ ਭਾਰਤ ਹਮੇਸ਼ਾ ਹਰ ਚੀਜ਼ ’ਚ ਬੰਗਲਾਦੇਸ਼ ਦਾ ਸਾਥ ਦਿੰਦਾ ਰਿਹਾ ਹੈ।

ਉਨ੍ਹਾਂ ਕਿਹਾ, ‘ਭਾਰਤ ਮਾੜੇ ਦਿਨਾਂ ਦਾ ਮਿੱਤਰ ਹੈ ਤੇ ਚੰਗੇ ਦਿਨਾਂ ’ਚ ਵੀ ਭਾਗੀਦਾਰ ਹੈ।’ ਪਾਰਾਸ਼ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ’ਚ ਮੌਜੂਦਾ ਕੋਰੋਨਾ ਵਾਇਰਸ ਸਥਿਤੀ ਬਾਰੇ ਭਾਰਤੀ ਦੂਤ ਨਾਲ ਚਰਚਾ ਕੀਤੀ।

ਢਾਕਾ ਟ੍ਰਿਬਿਊਨ ਮੁਤਾਬਕ ਦੋਰਾਈਸਵਾਮੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੱਤਾਧਾਰੀ ਪਾਰਟੀ ਦੀ ਨੌਜਵਾਨ ਸ਼ਾਖਾ ਦੀਆਂ ਮਨੁੱਖੀ ਗਤੀਵਿਧੀਆਂ ’ਤੇ ਦੋ ਡਾਕੂਮੈਂਟਰੀਆਂ ਦੇਖੀਆਂ।

ਬੰਗਲਾਦੇਸ਼ ਨੇ ਭਾਰਤ ਤੋਂ 5 ਅਮਰੀਕੀ ਡਾਲਰ ਪ੍ਰਤੀ ਖੁਰਾਕ ’ਤੇ ਖਰੀਦੇ ਗਏ ਆਕਸਫੋਰਡ-ਐਸਟ੍ਰਾਜੇਨੇਕਾ ਵੈਕਸੀਨ ਨਾਲ ਕੋਰੋਨਾ ਵਾਇਰਸ ਖ਼ਿਲਾਫ਼ ਆਪਣਾ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਸੀ। ਹਾਲਾਂਕਿ ਭਾਰਤ ’ਚ ਕੋਵਿਡ-19 ਮਹਾਮਾਰੀ ਦੀ ਘਾਤਕ ਦੂਜੀ ਲਹਿਰ ਕਾਰਨ ਟੀਕੇ ਦੀ ਸਪਲਾਈ ਅਸਥਾਈ ਰੂਪ ’ਤੇ ਰੁੱਕ ਗਈ ਹੈ।

ਇਸ ਵਿਚਾਲੇ ਬੰਗਲਾਦੇਸ਼ ਵੀ ਤਾਜ਼ਾ ਕੋਵਿਡ-19 ਸਬੰਧੀ ਮੌਤਾਂ ਤੇ ਨਵੇਂ ਮਾਮਲਿਆਂ ’ਚ ਖਤਰਨਾਕ ਵਾਧੇ ਦਾ ਅਨੁਭਵ ਕਰ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ ਡੇਲਟਾ ਵੇਰੀਐਂਟ ਦੀ ਮੌਜੂਦਗੀ ਦਾ ਵੀ ਪਤਾ ਲਗਾਇਆ ਸੀ, ਜੋ ਵਧੇਰੇ ਖਤਰਨਾਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News