ਅਗਨੀ-5 ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਪੂਰੇ ਚੀਨ ਨੂੰ ਨਿਸ਼ਾਨਾ ਬਣਾਉਣ ’ਚ ਸਮਰੱਥ
Friday, Dec 16, 2022 - 11:46 AM (IST)
ਨਵੀਂ ਦਿੱਲੀ (ਵਾਰਤਾ)- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਚੀਨੀ ਫੌਜੀਆਂ ਨਾਲ ਝੜਪ ਤੋਂ ਬਾਅਦ ਵਧੇ ਤਣਾਅ ਦਰਮਿਆਨ ਭਾਰਤ ਨੇ ਪ੍ਰਮਾਣੂ ਸੰਪੰਨ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਰੱਖਿਆ ਸੂਤਰਾਂ ਨੇ ਇਸ ਪ੍ਰੀਖਣ ਬਾਰੇ ਜਾਣਕਾਰੀ ਦਿੱਤੀ। ਇਸ ਮਿਜ਼ਾਈਲ ਵਿਚ 3 ਸਟੇਜ ਵਿਚ ਸੰਚਾਲਿਤ ਹੋਣ ਵਾਲਾ ਸਾਲਿਡ ਫਿਊਲ ਇੰਜਣ ਲਾਇਆ ਗਿਆ ਹੈ। ਇਹ ਮਿਜ਼ਾਈਲ 550 ਕਿਲੋਮੀਟਰ ਤੱਕ ਮਾਰਕ ਕਰਨ ਦੀ ਸਮਰੱਥਾ ਰੱਖਦੀ ਹੈ। ਓਡਿਸ਼ਾ ਦੇ ਬਾਲਾਸੋਰ ਤੱਕ ਸਥਿਤ ਅਬਦੁੱਲ ਕਲਾਮ ਪ੍ਰੀਖਣ ਕੇਂਦਰ ’ਤੇ ਇਹ ਪ੍ਰੀਖਣ ਕੀਤਾ ਗਿਆ।
ਰੱਖਿਆ ਸੂਤਰਾਂ ਨੇ ਇਹ ਵੀ ਦੱਸਿਆ ਕਿ ਮਿਜ਼ਾਈਲ ’ਤੇ ਲਾਈਆਂ ਗਈਆਂ ਨਵੀਆਂ ਤਕਨੀਕਾਂ ਅਤੇ ਉਪਕਰਣਾਂ ਦੇ ਪ੍ਰੀਖਣ ਲਈ ਇਸ ਦੀ ਟੈਸਟਿੰਗ ਕੀਤੀ ਗਈ ਸੀ। ਇਹ ਮਿਜ਼ਾਈਲ ਹੁਣ ਪਹਿਲਾਂ ਤੋਂ ਹਲਕੀ ਹੋ ਗਈ ਹੈ। ਇੰਨਾ ਹੀ ਨਹੀਂ, ਲੋੜ ਪੈਣ ’ਤੇ ਅਗਨੀ-5 ਮਿਜ਼ਾਈਲ ਦੀ ਰੇਂਜ ਵਧਾਉਣ ਦੀ ਸਮਰੱਥਾ ਵੀ ਵਿਕਸਿਤ ਕੀਤੀ ਗਈ ਹੈ। ਕਈ ਰਿਪੋਰਟਾਂ ਵਿਚ ਤਾਂ ਇਥੋਂ ਤੱਕ ਦਾਅਵਾ ਕੀਤਾ ਜਾਂਦਾ ਹੈ ਕਿ ਨਵੀਂ ਅਗਨੀ ਮਿਜ਼ਾਈਲ ਦੀ ਮਾਰਕ ਸਮਰੱਥਾ 5,500 ਤੋਂ 8,000 ਕਿਲੋਮੀਟਰ ਹੈ। ਰੱਖਿਆ ਮਾਹਰਾਂ ਮੁਤਾਬਕ ਇਹ ਮਿਜ਼ਾਈਲ ਬੀਜਿੰਗ, ਸ਼ੰਘਾਈ, ਗਵਾਂਗਝਾਊ ਅਤੇ ਹਾਂਗਕਾਂਗ ਸਮੇਤ ਪੂਰੇ ਚੀਨ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ।