ਭਾਰਤ ਨੇ ਸੰਭਾਲੀ ਜੀ-20 ਦੀ ਪ੍ਰਧਾਨਗੀ, ਜੈਸ਼ੰਕਰ ਬੋਲੇ- ਮਿਲ ਕੇ ਕੱਢ ਸਕਦੇ ਹਾਂ ਚੁਣੌਤੀਆਂ ਦਾ ਹੱਲ

Friday, Dec 02, 2022 - 11:58 AM (IST)

ਭਾਰਤ ਨੇ ਸੰਭਾਲੀ ਜੀ-20 ਦੀ ਪ੍ਰਧਾਨਗੀ, ਜੈਸ਼ੰਕਰ ਬੋਲੇ- ਮਿਲ ਕੇ ਕੱਢ ਸਕਦੇ ਹਾਂ ਚੁਣੌਤੀਆਂ ਦਾ ਹੱਲ

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਵੀਰਵਾਰ ਨੂੰ ਰਸਮੀ ਢੰਗ ਨਾਲ ਇੰਡੋਨੇਸ਼ੀਆ ਤੋਂ ਜੀ-20 ਗਰੁੱਪ ਦੀ ਪ੍ਰਧਾਨਗੀ ਹਾਸਲ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਖੁਰਾਕ ਤੇ ਊਰਜਾ ਸੁਰੱਖਿਆ, ਸਮਤਾ ਮੂਲਕ ਸਿਹਤ ਹੱਲ ਸਮੇਤ ਤਤਕਾਲੀ ਮਹੱਤਵ ਦੇ ਉਨ੍ਹਾਂ ਵਿਸ਼ਿਆਂ ’ਤੇ ਗਰੁੱਪ ਦੇ ਮੈਂਬਰ ਦੇਸ਼ਾਂ ਦਾ ਸਮਰਥਨ ਜੁਟਾਏਗਾ, ਜਿਸ ਦਾ ਸਾਹਮਣਾ ਕੋਵਿਡ ਤੋਂ ਬਾਅਦ ਦੁਨੀਆ ਨੂੰ ਕਰਨਾ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀਆਂ ਵੱਡੀਆਂ ਚੁਣੌਤੀਆਂ ਦਾ ਹੱਲ ਇਕ-ਦੂਜੇ ਨਾਲ ਲੜਾਈ ਕਰ ਕੇ ਨਹੀਂ ਸਗੋਂ ਮਿਲ ਕੇ ਕੰਮ ਕਰ ਕੇ ਕੱਢਿਆ ਜਾ ਸਕਦਾ ਹੈ। ਅਜਿਹੇ ’ਚ ਜੀ-20 ਗਰੁੱਪ ’ਚ ਭਾਰਤ ਦਾ ਏਜੰਡਾ ਸਮਾਵੇਸ਼ੀ, ਮਹੱਤਵਕਾਸ਼ੀ, ਕਾਰਜਮੁਖੀ ਅਤੇ ਫੈਸਲਾਕੁੰਨ ਹੋਵੇਗਾ। 

ਜੀ-20 ਯੂਨੀਵਰਸਿਟੀ ਕਨੈਕਟ : ਇਗਨਾਈਟਿੰਗ ਯੰਗ ਮਾਈਂਡ ਵਿਸ਼ੇ ’ਤੇ ਆਪਣੇ ਸੰਬੋਧਨ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਕੰਮ ਸਿਰਫ਼ ਗੱਲਾਂ ਕਹਿਣ ਤੱਕ ਹੀ ਸੀਮਿਤ ਨਹੀਂ ਹੋਵੇਗਾ ਸਗੋਂ ਸਮੂਹਿਕ ਕਾਰਵਾਈ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਨੂੰ ਦੁਨੀਆ ਦੇ ਸਾਹਮਣੇ ਆਪਣੀ ਕਹਾਣੀ ਨੂੰ ਪੇਸ਼ ਕਰਨ ਤੇ ਵੈਸ਼ਵਿਕ ਦੱਖਣ (ਗਲੋਬਲ ਸਾਊਥ) ਖੇਤਰ ਦੀ ਆਵਾਜ਼ ਨੂੰ ਪੇਸ਼ ਕਰਨ ਦਾ ਮੌਕਾ ਦਿੰਦੀ ਹੈ ਜੋ ਹੁਣ ਤੱਕ ਅਣਗੌਲੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜੀ-20 ਗਰੁੱਪ ਦੀ ਪ੍ਰਧਾਨਗੀ ਅਜਿਹੇ ਸਮੇਂ ’ਚ ਹਾਸਲ ਕਰ ਰਿਹਾ ਹੈ ਜਦ ਕੋਵਿਡ ਦੇ ਕਾਰਨ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟਿਕਾਊ ਵਿਕਾਸ ਟੀਚਾ ਘੱਟ ਹੋਇਆ ਹੈ ਤੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਵਿਚਾਲੇ ਸਿਹਤ ਖੇਤਰ ’ਚ ਫਾਸਲਾ ਪੈਦਾ ਹੋ ਗਿਆ ਹੈ। ਜੈਸ਼ੰਕਰ ਨੇ ਕਿਹਾ ਕਿ ਇਸ ਦੇ ਨਾਲ ਹੀ ਯੂਕ੍ਰੇਨ ਸੰਕਟ ਦਾ ਅਸਰ ਤੇਲ, ਖੁਰਾਕ ਅਤੇ ਖਾਦ ਦੀ ਉਪਲਬਧਤਾ ਤੇ ਆਵਾਜਾਹੀ ਸਬੰਧੀ ਦਬਾਅ ਦੇ ਰੂਪ ’ਚ ਸਾਹਮਣੇ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਦੇ ਰੂਪ ’ਚ ਮੁਸ਼ਕਿਲ ਜਲਵਾਯੂ ਹਾਲਾਤ ਦੇ ਨਾਲ ਹੀ ਅੱਤਵਾਦ ਅਤੇ ਕਾਲੇ ਧਨ ਨਾਲ ਜੁੜੀਆਂ ਚੁਣੌਤੀਆਂ ਵੀ ਸਾਹਮਣੇ ਹਨ। ਉੱਧਰ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ-ਇਕ ਮਹੀਨੇ ਲਈ ਕ੍ਰਮਵਾਰ ਮਿਲਣ ਵਾਲੀ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਵੀ ਵੀਰਵਾਰ ਨੂੰ ਸੰਭਾਲ ਲਈ। 15 ਮੈਂਬਰੀ ਇਸ ਸੰਸਥਾ ਦੀ ਪ੍ਰਧਾਨਗੀ ਕਰਨ ਸਮੇਂ ਭਾਰਤ ਅੱਤਵਾਦ ਨੂੰ ਰੋਕਣ ਅਤੇ ਬਹੁਪੱਖੀ ਸੁਧਾਰ ਨੂੰ ਲੈ ਕੇ ਕਈ ਪ੍ਰਮੁੱਖ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰੇਗਾ।


author

DIsha

Content Editor

Related News