ਵਿਦੇਸ਼ੀ ਹਸਤੀਆਂ ਦੇ ਬਿਆਨ 'ਤੇ ਅਮਿਤ ਸ਼ਾਹ ਦਾ ਜਵਾਬ, ਕਿਹਾ-'ਭਾਰਤ ਇਕਜੁੱਟ ਖੜ੍ਹਾ ਹੈ'
Thursday, Feb 04, 2021 - 08:53 AM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ 'ਤੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਲੈ ਕੇ ਸਿਆਸਤ ਵਧਦੀ ਜਾ ਰਹੀ ਹੈ। ਬੀਤੇ ਦਿਨ ਪੌਪ ਸਟਾਰ ਰਿਹਾਨਾ ਤੇ ਹੋਰ ਵਿਦੇਸ਼ੀ ਹਸਤੀਆਂ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਭਾਰਤ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਟਵੀਟ ਕੀਤੇ ਸਨ। ਰਿਹਾਨਾ ਨੇ ਲਿਖਿਆ ਸੀ," ਅਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ।" ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ੀ ਹਸਤੀਆਂ ਦਖ਼ਲ ਅੰਦਾਜ਼ੀ 'ਤੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਇਕਜੁੱਟ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ,"ਕੋਈ ਵੀ ਬੁਰਾ ਪ੍ਰਚਾਰ ਭਾਰਤ ਦੀ ਏਕਤਾ ਨੂੰ ਖ਼ਤਮ ਨਹੀਂ ਕਰ ਸਕਦਾ। ਕੋਈ ਵੀ ਬੁਰਾ ਪ੍ਰ੍ਚਾਰ ਭਾਰਤ ਨੂੰ ਨਵੀਂਆਂ ਉਚਾਈਆਂ ਹਾਸਲ ਕਰਨ ਤੋਂ ਨਹੀਂ ਰੋਕ ਸਕਦਾ। ਬੁਰਾ ਪ੍ਰਚਾਰ ਭਾਰਤ ਦਾ ਭਵਿੱਖ ਤੈਅ ਨਹੀਂ ਕਰ ਸਕਦਾ। ਭਾਰਤ ਵਿਕਾਸ ਲਈ ਇੱਕਜੁੱਟ ਖੜ੍ਹਾ ਹੈ।"
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਟਵੀਟ ਵਿਚ ਲਿਖਿਆ,"ਅਜਿਹੇ ਅਹਿਮ ਮੁੱਦਿਆਂ 'ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਅਪੀਲ ਕਰਨੀ ਚਾਹਾਂਗੇ ਕਿ ਤੱਥਾਂ ਬਾਰੇ ਠੀਕ ਤੋਂ ਪਤਾ ਲਗਾਇਆ ਜਾਵੇ ਅਤੇ ਮਾਮਲਿਆਂ 'ਤੇ ਸਮਝ ਰੱਖਦੇ ਹੋਏ ਹੀ ਕੁਝ ਕਿਹਾ ਜਾਵੇ।" ਬੁੱਧਵਾਰ ਨੂੰ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ 'ਭਾਰਤ ਦੇ ਵਿਰੁੱਧ ਪ੍ਰੋਪੋਗੈਂਡਾ' (IndiaAgainstPropaganda) ਅਤੇ 'ਇੰਡੀਆ ਟੁਗੈਦਰ' ਦੇ ਹੈਸ਼ਟੈਗ ਨਾਲ ਟਵੀਟ ਕਰਦੇ ਹੋਏ ਆਪਣਾ ਪੱਖ ਰੱਖਿਆ ਹੈ।
ਇਹ ਵੀ ਪੜ੍ਹੋ- ਇਟਲੀ : PM ਦੀ ਕੁਰਸੀ ਸੰਭਾਲ ਸਕਦੇ ਨੇ ਮਾਰੀਓ ਦਰਾਗੀ, ਰਾਸ਼ਟਰਪਤੀ ਨੇ ਦਿੱਤਾ ਸੱਦਾ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਵਿਚ ਲਿਖਿਆ,"ਖੇਤੀ ਖੇਤਰ ਵਿਚ ਸਬੰਧਤ ਸੁਧਾਰਵਾਦੀ ਕਾਨੂੰਨ ਦੇਸ਼ ਦੀ ਸੰਸਦ ਵਲੋਂ ਪੂਰੀ ਬਹਿਸ ਦੇ ਬਾਅਦ ਪਾਸ ਕੀਤੇ ਗਏ ਹਨ। ਸਰਕਾਰ ਉਨ੍ਹਾਂ ਕਿਸਾਨਾਂ ਨਾਲ 11 ਦੌਰ ਦੀ ਚਰਚਾ ਕਰ ਚੁੱਕੀ ਹੈ, ਜਿਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਆਪਣੇ ਖ਼ਦਸ਼ੇ ਜ਼ਾਹਰ ਕੀਤੇ ਸਨ।"
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ