ਰੂਸ 'ਤੇ ਭਾਰਤ ਦੇ ਰਵੱਈਏ ਤੋਂ ਨਿਰਾਸ਼ ਅਮਰੀਕਾ, ਬਾਈਡੇਨ ਬੋਲੇ- ਭੰਬਲਭੂਸੇ ਵਾਲੀ ਸਥਿਤੀ
Tuesday, Mar 22, 2022 - 01:29 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਯੂਕ੍ਰੇਨ ਵਿਚ ਰੂਸ ਦੇ ਹਮਲੇ ਦੇ ਖ਼ਿਲਾਫ਼ ਸਮਰਥਨ ਦਿਖਾਉਣ ਵਿਚ ਭਾਰਤ ਦੀ ਸਥਿਤੀ ਕੁਝ ਭੰਬਲਭੂਸੇ ਵਾਲੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਜ਼ਿਆਦਾਤਰ ਦੋਸਤਾਂ ਅਤੇ ਸਹਿਯੋਗੀਆਂ ਨੇ ਵਲਾਦੀਮੀਰ ਪੁਤਿਨ ਦੇ "ਹਮਲਾਵਰ ਰੁਖ" ਨਾਲ ਨਜਿੱਠਣ ਵਿਚ ਇਕਜੁੱਟਤਾ ਦਿਖਾਈ ਹੈ।
ਇਹ ਵੀ ਪੜ੍ਹੋ: ਚੀਨ ਜਹਾਜ਼ ਹਾਦਸਾ: 20 ਘੰਟੇ ਬਾਅਦ ਵੀ ਕੋਈ ਜ਼ਿੰਦਾ ਨਹੀਂ ਮਿਲਿਆ, ਸਵਾਰ ਸਨ 132 ਯਾਤਰੀ
ਰੂਸੀ ਫ਼ੌਜ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ, ਜੋ ਹੁਣ ਤੱਕ ਜਾਰੀ ਹੈ। ਹਮਲੇ ਤੋਂ ਤਿੰਨ ਦਿਨ ਪਹਿਲਾਂ, ਰੂਸ ਨੇ ਯੂਕ੍ਰੇਨ ਦੇ ਵੱਖਵਾਦੀ ਖੇਤਰਾਂ ਡੋਨੇਤਸਕ ਅਤੇ ਲੁਹਾਂਸਕ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਸੀ। ਬਾਈਡੇਨ ਨੇ ਸੋਮਵਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਇਕ ਬੈਠਕ ਵਿਚ ਕਿਹਾ, 'ਪੁਤਿਨ ਨੂੰ ਚੰਗੀ ਤਰ੍ਹਾਂ ਜਾਣਨ ਕਾਰਨ ਇਕ ਚੀਜ ਨੂੰ ਲੈ ਕੇ ਮੈਨੂੰ ਯਕੀਨ ਹੈ ਕਿ ਉਹ ਨਾਟੋ ਨੂੰ ਵੰਡਣ ਵਿਚ ਸਮਰਥ ਹੋਣ ਦਾ ਭਰੋਸਾ ਕਰ ਰਹੇ ਸਨ। ਉਨ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਨਾਟੋ ਸੁਲਝਿਆ ਹੋਇਆ ਰਹੇਗਾ, ਪੂਰੀ ਤਰ੍ਹਾਂ ਇਕਜੁੱਟ ਰਹੇਗਾ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਨਾਟੋ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਰਨ ਅੱਜ ਦੇ ਮੁਕਾਬਲੇ ਪਹਿਲਾਂ ਕਦੇ ਇਤਿਹਾਸ ਵਿਚ ਇੰਨਾ ਮਜ਼ਬੂਤ ਜਾਂ ਜ਼ਿਆਦਾ ਇਕਜੁੱਟ ਨਹੀਂ ਰਿਹਾ।'
ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ
ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਦੇ ਹਮਲਾਵਰ ਰੁਖ ਦੇ ਜਵਾਬ ਵਿਚ ਨਾਟੋ ਅਤੇ ਪ੍ਰਸ਼ਾਂਤ ਵਿਚ ਏਕਤਾ ਦਿਖਾਈ ਹੈ। ਭਾਰਤ ਤੋਂ ਇਲਾਵਾ ਕਵਾਡ ਇਕਜੁੱਟ ਹੈ। ਪੁਤਿਨ ਦੇ ਹਮਲੇ ਨਾਲ ਨਜਿੱਠਣ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਥੋੜ੍ਹੀ ਭੰਬਲਭੂਸੇ ਵਾਲੀ ਹੈ ਪਰ ਜਾਪਾਨ ਬਹੁਤ ਮਜ਼ਬੂਤ ਹੈ ਅਤੇ ਆਸਟਰੇਲੀਆ ਵੀ।' ਬਾਈਡੇਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ, ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਬੈਠਕ ਵਿਚ ਕਿਹਾ, 'ਅਸੀਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਪ੍ਰਸ਼ਾਂਤ ਖੇਤਰ ਵਿਚ ਏਕਤਾ ਦਿਖਾਈ ਅਤੇ ਤੁਸੀਂ ਰੂਸੀ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ਅਤੇ ਪਾਬੰਦੀਆਂ ਲਗਾਉਣ ਵਿਚ ਸਾਡੀ ਮਦਦ ਕਰਨ ਲਈ ਬਹੁਤ ਕੁਝ ਕੀਤਾ। ਤੁਸੀਂ ਜੋ ਵੀ ਕੀਤਾ ਉਹ ਅਸਲ ਵਿਚ ਮਹੱਤਵਪੂਰਨ ਹੈ।'
ਇਹ ਵੀ ਪੜ੍ਹੋ: ਚੀਨ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕਰੈਸ਼, ਮਚੇ ਅੱਗ ਦੇ ਭਾਂਬੜ, ਵੇਖੋ ਖ਼ੌਫਨਾਕ ਵੀਡੀਓ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।