ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰੇ ਭਾਰਤ : ਫਾਰੂਕ ਅਬਦੁੱਲਾ
Wednesday, Jul 13, 2022 - 06:04 PM (IST)
ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਭਾਰਤ ਸਰਕਾਰ ਲੋਕਾਂ ਦਾ ਦਿਲ ਜਿੱਤ ਕੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਨਹੀਂ ਕਰਦੀ। ਅਬਦੁੱਲਾ ਨੇ ਸ਼੍ਰੀਨਗਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਇਸ ਦਾ ਹੱਲ ਨਹੀਂ ਲੱਭ ਲੈਂਦੇ। ਉਨ੍ਹਾਂ ਕਿਹਾ ਕਿ ਲੋਕ ਦੁੱਖ ਭੋਗਦੇ ਰਹਿਣਗੇ ਅਤੇ ਮਰਦੇ ਰਹਿਣਗੇ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਅਕਸਰ ਐਲਾਨ ਕਰਦੇ ਹਨ ਕਿ ਅੱਤਵਾਦ ਖ਼ਤਮ ਹੋ ਜਾਵੇਗਾ ਪਰ ਮੈਂ ਉਨ੍ਹਾਂ ਨੂੰ ਕਹਿ ਰਿਹਾ ਹਾਂ ਕਿ ਇਹ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਕਸ਼ਮੀਰ ਦੇ ਲੋਕਾਂ ਦਾ ਦਿਲ ਨਹੀਂ ਜਿੱਤ ਲੈਂਦੇ।
ਅਬਦੁੱਲਾ ਨੇ ਕਿਹਾ ਕਿ ਅੱਤਵਾਦੀ ਕਿਸੇ ਵੀ ਭਾਈਚਾਰੇ ਜਾਂ ਕਿਸੇ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ। ਭਾਰਤ ਏਕਤਾ ਅਤੇ ਅਨੇਕਤਾ ਦਾ ਦੇਸ਼ ਹੈ। ਸ਼੍ਰੀਨਗਰ ਦੇ ਲਾਲ ਬਾਜ਼ਾਰ ਵਿਖੇ ਮੰਗਲਵਾਰ ਦੀ ਗੋਲੀਬਾਰੀ ਦੀ ਘਟਨਾ ਜਿਸ 'ਚ ਪੁਲਸ ਦਾ ਇਕ ਸਹਾਇਕ ਸਬ-ਇੰਸਪੈਕਟਰ ਮਾਰਿਆ ਗਿਆ ਅਤੇ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਦੇ ਬਾਰੇ ਫਾਰੂਕ ਨੇ ਕਿਹਾ ਕਿ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਕੌਣ ਮਾਰ ਰਿਹਾ ਹੈ ਅਤੇ ਕੌਣ ਬਚਾ ਰਿਹਾ ਹੈ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਲਈ ਇਹ ਘਾਟਾ ਸਹਿਣ ਦੀ ਪ੍ਰਾਰਥਨਾ ਕਰਦੇ ਹਾਂ। ਉਨ੍ਹਾਂ ਸਰਕਾਰ ਤੋਂ ਸੋਗ ਪੀੜਤ ਪਰਿਵਾਰ ਲਈ ਲੋੜੀਂਦੀ ਮਦਦ ਰਾਸ਼ੀ ਦਾ ਐਲਾਨ ਕਰਨ ਦੀ ਵੀ ਅਪੀਲ ਕੀਤੀ।