ਭਾਰਤ ਨੂੰ ਕਿਸੇ ਵੀ ਹਾਲਤ ’ਚ ਪਾਕਿ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ : ਅਭਿਸ਼ੇਕ ਬੈਨਰਜੀ
Monday, Jul 28, 2025 - 11:59 PM (IST)

ਕੋਲਕਾਤਾ (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਹੈ ਕਿ ਭਾਰਤ ਨੂੰ ਕਿਸੇ ਵੀ ਹਾਲਤ ’ਚ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ। ਉਸ ਨਾਲ ਗੱਲਬਾਤ ਸਿਰਫ਼ ਜੰਗ ਦੇ ਮੈਦਾਨ ’ਚ ਹੀ ਹੋਣੀ ਚਾਹੀਦੀ ਹੈ।ਤ੍ਰਿਣਮੂਲ ਦੇ ਲੋਕ ਸਭਾ ਮੈਂਬਰ ਨੇ ਸੋਮਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦਹਾਕਿਆਂ ਤੋਂ ਪਾਕਿਸਤਾਨ ਅੱਤਵਾਦ ਫੈਲਾ ਰਿਹਾ ਹੈ ਤੇ ਭਾਰਤ ਦਾ ਖੂਨ ਵਹਾਅ ਰਿਹਾ ਹੈ। ਭਾਰਤ ਨੂੰ ਕਿਸੇ ਵੀ ਹਾਲਤ ’ਚ ਗੁਆਂਢੀ ਦੇਸ਼ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ। ਇਹ ਗੱਲਬਾਤ ਸਿਰਫ਼ ਜੰਗ ਦੇ ਮੈਦਾਨ ’ਚ ਹੀ ਹੋਣੀ ਚਾਹੀਦੀ ਹੈ ਤੇ ਇਸ ਜੰਗ ’ਚ ਜਿੱਤਣ ਵਾਲਾ ਇਕੋ ਇਕ ਪੁਰਸਕਾਰ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ।
ਤ੍ਰਿਣਮੂਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਕੋਈ ਦੇਸ਼ ਅਸਿੱਧੇ ਤੌਰ ’ਤੇ ਜੰਗ ਛੇੜਦਾ ਹੈ, ਤਾਂ ਕੋਈ ਵੀ ਮੈਦਾਨ ਨਿਰਪੱਖ ਨਹੀਂ ਰਹਿੰਦਾ। ਕੋਈ ਵੀ ਕ੍ਰਿਕਟ ਪਿੱਚ ਸਾਡੇ ਸ਼ਹੀਦਾਂ ਦੇ ਖੂਨ ਨੂੰ ਧੋਣ ਲਈ ਕਾਫ਼ੀ ਨਹੀਂ ਹੈ। ਸਾਡਾ ਤਿਰੰਗਾ ਬੱਲੇ ਜਾਂ ਗੇਂਦ ਕਰ ਕੇ ਨਹੀਂ ਸਗੋਂ ਸਾਡੀਆਂ ਹਥਿਆਰਬੰਦ ਫੌਜਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਕਰ ਕੇ ਉੱਚਾ ਉੱਡਦਾ ਹੈ। ਅਸੀਂ ਆਪਣੇ ਕ੍ਰਿਕਟਰਾਂ ਦਾ ਵੀ ਸਤਿਕਾਰ ਕਰਦੇ ਹਾਂ ਅਤੇ ਮੈਂ ਖੇਡ ਦੀ ਦਿਲੋਂ ਇੱਜ਼ਤ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਦੇ ਤੌਰ ’ਤੇ ਅਸੀਂ ਆਪਣੇ ਉਨ੍ਹਾਂ ਜਵਾਨਾਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਸਟੇਡੀਅਮਾਂ ’ਚ ਸਾਡੀ ਖੁਸ਼ੀ ਦੇ ਸਮੇਂ ਪਹਿਰਾ ਦਿੰਦੇ ਹਨ ਤੇ ਉਦੋਂ ਆਪਣਾ ਖੂਨ ਵਹਾਉਂਦੇ ਹਨ ਜਦੋਂ ਹੋਰ ਖੇਡਦੇ ਹਨ।