ਭਾਰਤ ਨੇ 4 ਦਹਾਕਿਆਂ ਬਾਅਦ ਸ਼੍ਰੀਲੰਕਾ ਨਾਲ ਫੈਰੀ ਸੇਵਾ ਕੀਤੀ ਬਹਾਲ, PM ਮੋਦੀ ਨੇ ਸੰਬੰਧਾਂ ''ਚ ''ਨਵਾਂ ਅਧਿਆਏ'' ਦੱਸਿਆ

Saturday, Oct 14, 2023 - 03:35 PM (IST)

ਭਾਰਤ ਨੇ 4 ਦਹਾਕਿਆਂ ਬਾਅਦ ਸ਼੍ਰੀਲੰਕਾ ਨਾਲ ਫੈਰੀ ਸੇਵਾ ਕੀਤੀ ਬਹਾਲ, PM ਮੋਦੀ ਨੇ ਸੰਬੰਧਾਂ ''ਚ ''ਨਵਾਂ ਅਧਿਆਏ'' ਦੱਸਿਆ

ਨਵੀਂ ਦਿੱਲੀ (ਭਾਸ਼ਾ)- ਸ਼੍ਰੀਲੰਕਾ 'ਚ ਗ੍ਰਹਿ ਯੁੱਧ ਕਾਰਨ ਬੰਦ ਹੋਣ ਦੇ 40 ਸਾਲ ਬਾਅਦ ਭਾਰਤ ਅਤੇ ਟਾਪੂ ਦੇਸ਼ ਵਿਚਾਲੇ ਸ਼ਨੀਵਾਰ ਨੂੰ ਫੈਰੀ ਸੇਵਾ ਬਹਾਲ ਹੋਈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਉਪਲੱਬਧੀ ਦੱਸਿਆ। ਫੈਰੀ ਸੇਵਾਵਾਂ ਦੀ ਬਹਾਲੀ ਦੀ ਸੁਆਗਤ ਕਰਦੇ ਹੋਏ ਸ਼੍ਰੀਲੰਕਈ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਕਨੈਕਟੀਵਿਟੀ, ਵਪਾਰ ਅਤੇ ਸੰਸਕ੍ਰਿਤੀ ਸੰਪਰਕ 'ਚ ਸੁਧਾਰ ਲਿਆਉਣ 'ਚ ਮਦਦ ਮਿਲੇਗੀ। ਤਾਮਿਲਨਾਡੂ ਦੇ ਨਾਗਾਪੱਟਿਨਮ ਅਤੇ ਸ਼੍ਰੀਲੰਕਾ ਦੇ ਉੱਤਰੀ ਸੂਬੇ 'ਚ ਜਾਫ਼ਨਾ ਨੇੜੇ ਕਾਂਕੇਸਥੁਰਾਈ ਦਰਮਿਆਨ ਫੈਰੀ ਸੇਵਾ ਦਾ ਮਕਸਦ ਦੋਹਾਂ ਗੁਆਂਢੀਆਂ ਦਰਮਿਆਨ ਪ੍ਰਾਚੀਨ ਸਮੁੰਦਰੀ ਸੰਪਰਕ ਨੂੰ ਮੁੜ ਸੁਰਜੀਤ ਕਰਨਾ ਹੈ। ਉੱਚ ਗਤੀ ਵਾਲੀ ਇਸ ਫੈਰੀ ਸੇਵਾ ਦਾ ਸੰਚਾਲਨ 'ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ' ਕਰ ਰਿਾ ਹੈ ਅਤੇ ਇਸ ਦੀ ਸਮਰੱਥਾ 150 ਯਾਤਰੀਆਂ ਦੀ ਹੈ। 

ਇਹ ਵੀ ਪੜ੍ਹੋ : ਰੋਜ਼ੀ ਰੋਟੀ ਲਈ ਵਿਦੇਸ਼ ਗਏ 35 ਮਜ਼ਦੂਰਾਂ ਨੂੰ ਬਣਾਇਆ ਬੰਧਕ, ਹਰਕਤ 'ਚ ਆਈ ਸਰਕਾਰ

ਅਧਿਕਾਰੀਆਂ ਅਨੁਸਾਰ, ਨਾਗਾਪੱਟਿਨਮ ਅਤੇ ਕਾਂਕੇਸੰਥੁਰਾਈ ਦਰਮਿਆਨ ਲਗਭਗ 60 ਸਮੁੰਦਰੀ ਮੀਲ (110 ਕਿਲੋਮੀਟਰ) ਦੀ ਦੂਰੀ ਸਮੁੰਦਰ ਦੀ ਸਥਿਤੀ ਦੇ ਆਧਾਰ 'ਤੇ ਕਰੀਬ 3.30 ਘੰਟੇ 'ਚ ਤੈਅ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਫੈਰੀ ਸੇਵਾ ਨਾਲ ਦੋਹਾਂ ਦੇਸ਼ਾਂ ਦਰਮਿਆਨ ਕਨੈਕਟੀਵਿਟੀ ਵਧੇਗੀ, ਵਪਾਰ ਨੂੰ ਗਤੀ ਮਿਲੇਗੀ ਅਤੇ ਲੰਬੇ ਸਮੇਂ ਤੋਂ ਕਾਇਮ ਰਿਸ਼ਤੇ ਮਜ਼ਬੂਤ ਹੋਣਗੇ। ਉੱਥੇ ਹੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਫੈਰੀ ਸੇਵਾ ਲੋਕਾਂ ਵਿਚਾਲੇ ਸੰਪਰਕ ਨੂੰ ਉਤਸ਼ਾਹ ਦੇਣ ਦੀ ਦਿਸ਼ਾ 'ਚ ਹਕੀਕਤ 'ਚ ਇਕ ਵੱਡਾ ਕਦਮ ਹੈ। ਪੀ.ਐੱਮ. ਮੋਦੀ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਇਹ ਫੈਰੀ ਸੇਵਾ ਸਾਰੇ ਇਤਿਹਾਸਕ ਅਤੇ ਸੰਸਕ੍ਰਿਤੀ ਸੰਬੰਧਾਂ ਨੂੰ ਜਿਊਂਦਾ ਰੱਖੇਗੀ। ਉਨ੍ਹਾਂ ਕਿਹਾ,''ਕਨੈਕਟੀਵਿਟੀ ਦਾ ਮਤਲਬ ਸਿਰਫ਼ 2 ਸ਼ਹਿਰਾਂ ਨੂੰ ਨੇੜੇ ਲਿਆਉਣਾ ਨਹੀਂ ਹੈ। ਇਹ ਸਾਡੇ ਦੇਸ਼ਾਂ, ਸਾਡੇ ਲੋਕਾਂ ਅਤੇ ਸਾਡੇ ਦਿਲਾਂ ਨੂੰ ਕਰੀਬ ਲਿਆਉਂਦੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News