ਭਾਰਤ ''ਚ ਪਠਾਨਕੋਟ ਏਅਰਬੇਸ ਵਰਗੇ ਹਮਲੇ ਦੀ ਸਾਜਿਸ਼ ਰਚ ਰਿਹਾ ਹੈ ਜੈਸ਼, ਨਿਸ਼ਾਨੇ ''ਤੇ ਨੇ ਇਹ ਫੌਜੀ ਟਿਕਾਣੇ
Tuesday, Oct 20, 2020 - 11:28 AM (IST)
ਨੈਸ਼ਨਲ ਡੈਸਕ- ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਇਕ ਵਾਰ ਫਿਰ ਤੋਂ ਭਾਰਤ 'ਚ ਪਠਾਨਕੋਟ ਏਅਰਬੇਸ ਵਰਗੇ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਇਸ ਵਾਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਾਜਸਥਾਨ ਫੌਜ ਟਿਕਾਣੇ ਹਨ। ਖੁਫ਼ੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਇਸ ਸਾਜਿਸ਼ 'ਚ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ। ਸੁਰੱਖਿਆ ਏਜੰਸੀਆਂ ਅਨੁਸਾਰ ਆਈ.ਐੱਸ.ਆਈ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਦਿੱਲੀ 'ਚ ਰਹਿਣ ਵਾਲੇ ਆਪਣੇ ਇਕ ਮੌਲਾਨਾ ਨੂੰ ਸੌਂਪੀ ਹੈ। ਖੁਫ਼ੀਆ ਰਿਪੋਰਟ ਅਨੁਸਾਰ ਜਿਸ ਮੌਲਾਨਾ ਨੂੰ ਭਾਰਤ 'ਚ ਹਮਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਉਹ ਅਫ਼ਗਾਨਿਸਤਾਨ 'ਚ ਵੀ ਜੈਸ਼-ਏ-ਮੁਹੰਮਦ ਲਈ ਆਪਰੇਸ਼ਨ ਸੰਭਾਲ ਚੁੱਕਿਆ ਹੈ।
ਰਿਪੋਰਟ ਅਨੁਸਾਰ ਇਸ ਹਮਲੇ ਨੂੰ ਅੰਜਾਮ ਇਸੇ ਮਹੀਨੇ ਦੇ ਆਖੀਰ ਤੱਕ ਦੇ ਸਕਦੇ ਹਨ। ਖੁਫੀਆ ਰਿਪੋਰਟ ਅਨੁਸਾਰ ਅੱਤਵਾਦੀ ਰਾਜਸਥਾਨ 'ਚ ਹਵਾਈ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦੱਸਣਯੋਗ ਹੈ ਕਿ 2 ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਨੂੰ 5 ਸਾਲ ਪੂਰੇ ਹੋਣ ਵਾਲੇ ਹਨ। ਜਨਵਰੀ 2016 ਨੂੰ ਪਠਾਨਕੋਟ 'ਚ 4 ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ 'ਚ 7 ਜਵਾਨ ਸ਼ਹੀਦ ਹੋਏ ਸਨ, ਜਦੋਂ ਕਿ ਇਕ ਨਾਗਰਿਕ ਵੀ ਉਨ੍ਹਾਂ ਦਾ ਸ਼ਿਕਾਰ ਬਣ ਗਿਆ ਸੀ। ਚਾਰੇ ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਮਾਰ ਸੁੱਟਿਆ ਸੀ।