''''ਗੱਲਬਾਤ ਨਾਲ ਹੀ ਹੱਲ ਸੰਭਵ...'''', ਟਰੰਪ ਤੇ ਪੁਤਿਨ ਦੀ ਮੁਲਾਕਾਤ ਦੀ ਭਾਰਤ ਨੇ ਕੀਤੀ ਸ਼ਲਾਘਾ
Sunday, Aug 17, 2025 - 11:58 AM (IST)

ਨਵੀਂ ਦਿੱਲੀ : ਭਾਰਤ ਨੇ ਟਰੰਪ ਅਤੇ ਪੁਤਿਨ ਦੀ ਗੱਲਬਾਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਰਫ ਗੱਲਬਾਤ ਤੇ ਕੂਟਨੀਤੀ ਨਾਲ ਹੀ ਇਸ ਮਸਲੇ ਦਾ ਹੱਲ ਸੰਭਵ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਸਿੰਘ ਜਾਇਸਵਾਲ ਨੇ ਕਿਹਾ ਕਿ ਭਾਰਤ ਅਲਾਸਕਾ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਸਿਖਰ ਵਾਰਤਾ ਦਾ ਸਵਾਗਤ ਕਰਦਾ ਹੈ।
ਸ਼ਾਂਤੀ ਦੀ ਦਿਸ਼ਾ ਵਿਚ ਉਨ੍ਹਾਂ ਦੀ ਅਗਵਾਈ ਅਤਿਅੰਤ ਸ਼ਲਾਘਾਯੋਗ ਹੈ। ਭਾਰਤ ਸਿਖਰ ਵਾਰਤਾ ਵਿਚ ਹੋਈ ਤਰੱਕੀ ਦੀ ਸ਼ਲਾਘਾ ਕਰਦਾ ਹੈ। ਅੱਗੇ ਦਾ ਰਸਤਾ ਸਿਰਫ ਗੱਲਬਾਤ ਅਤੇ ਕੂਟਨੀਤੀ ਨਾਲ ਹੀ ਨਿਕਲ ਸਕਦਾ ਹੈ। ਦੁਨੀਆ ਤੁਰੰਤ ਯੂਕ੍ਰੇਨ ਵਿਚ ਸੰਘਰਸ਼ ਦਾ ਅੰਤ ਦੇਖਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਇਹ ਤਾਂ ਹੱਦ ਹੀ ਹੋ ਗਈ ! ਚਿੱਲੀ ਚਿਕਨ ਕਹਿ ਕੇ ਖੁਆਈ ਜਾਂਦੇ ਸੀ 'ਚਮਚੜਿੱਕਾਂ' ਦਾ ਮੀਟ
ਰੂਸੀ ਤੇਲ ਦੇ ਮਾਮਲੇ ’ਚ ਭਾਰਤ ’ਤੇ ਹੋਰ ਟੈਰਿਫ ਨਹੀਂ!
ਟਰੰਪ ਨੇ ਸੰਕੇਤ ਦਿੱਤਾ ਕਿ ਹੋ ਸਕਦਾ ਹੈ ਕਿ ਅਮਰੀਕਾ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਣ ਵਾਲੇ ਦੇਸ਼ਾਂ ’ਤੇ ਹੋਰ ਟੈਰਿਫ ਨਾ ਲਗਾਏ। ਅਜਿਹੇ ਖਦਸ਼ੇ ਸਨ ਕਿ ਜੇਕਰ ਅਮਰੀਕਾ ਨੇ ਹੋਰ ਟੈਰਿਫ ਲਾਗੂ ਕੀਤਾ ਤਾਂ ਉਸ ਨਾਲ ਭਾਰਤ ਪ੍ਰਭਾਵਿਤ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ ਖੈਰ, ਉਨ੍ਹਾਂ ਨੇ (ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ) ਇਕ ਤੇਲ ਦਾ ਗਾਹਕ ਗੁਆ ਦਿੱਤਾ, ਜੋ ਭਾਰਤ ਹੈ, ਜੋ ਲੱਗਭਗ 40 ਫੀਸਦੀ ਤੇਲ ਦੀ ਦਰਾਮਦ ਕਰ ਰਿਹਾ ਸੀ। ਚੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਬਹੁਤ ਜ਼ਿਆਦਾ (ਦਰਾਮਦ) ਕਰ ਰਿਹਾ ਹੈ ਅਤੇ ਜੇਕਰ ਮੈਂ ‘ਸੈਕੰਡਰੀ ਪਾਬੰਦੀਆਂ’ ਜਾਂ ‘ਸੈਕੰਡਰੀ ਚਾਰਜ’ ਲਗਾਇਆ ਤਾਂ ਇਹ ਉਨ੍ਹਾਂ ਲਈ ਬਹੁਤ ਵਿਨਾਸ਼ਕਾਰੀ ਹੋਵੇਗਾ। ਜੇਕਰ ਮੈਨੂੰ ਇਹ ਕਰਨਾ ਪਿਆ, ਤਾਂ ਮੈਂ ਕਰਾਂਗਾ। ਸ਼ਾਇਦ ਮੈਨੂੰ ਇਹ ਕਰਨਾ ਨਾ ਪਵੇ।
ਟਰੰਪ ਨੇ ਭਾਰਤ-ਪਾਕਿ ਵਿਵਾਦ ਸੁਲਝਾਉਣ ਦਾ ਮੁੜ ਕੀਤਾ ਦਾਅਵਾ
ਟਰੰਪ ਨੇ ਕਈ ਵਾਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਸੀ। ਟਰੰਪ ਨੇ ਕਿਹਾ ਕਿ ਮੈਂ 5 ਜੰਗਾਂ ਨੂੰ ਖਤਮ ਕਰਨ ਲਈ ਗੱਲਬਾਤ ਕੀਤੀ ਅਤੇ ਉਹ ਜੰਗਾਂ ਮੁਸ਼ਕਲ ਸਨ। ਟਰੰਪ ਨੇ ਮੁੜ ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਕਾਂਗੋ ਤੇ ਰਵਾਂਡਾ, ਥਾਈਲੈਂਡ ਤੇ ਕੰਬੋਡੀਆ ਤੇ ਆਰਮੀਨੀਆ ਤੇ ਅਜ਼ਰਬੈਜਾਨ ਸਮੇਤ ਹੋਰ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਸੁਲਝਾਉਣ ਦੀ ਗੱਲ ਕਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e