ਭਾਰਤ ਨੂੰ ਕੋਰੋਨਾ ਕਾਰਣ ਹੋਣ ਵਾਲੀ ਆਰਥਿਕ ਤਬਾਹੀ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ : ਰਾਹੁਲ ਗਾਂਧੀ
Thursday, Apr 02, 2020 - 06:21 PM (IST)
ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਆਫਤ ਨਾਲ ਨਜਿੱਠਣ ਲਈ ਇਕ ਅਹਿਮ ਰਣਨੀਤੀ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਕੋਰੋਨਾ ਵਾਇਰਸ ਕਾਰਣ ਹੋਣ ਵਾਲੀ ਆਰਥਿਕ ਤਬਾਹੀ ਨਾਲ ਨਜਿੱਠਣ ਲਈ ਤਿਆਰੀ ਰੱਖਣੀ ਪਵੇਗੀ। ਉਨ੍ਹਾਂ ਨੇ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ ’ਚ ਇਹ ਦੋਸ਼ ਵੀ ਲਾਇਆ ਕਿ ਬਿਨਾਂ ਤਿਆਰੀ ਲਾਕਡਾਊਨ ਲਾਗੂ ਕੀਤਾ ਗਿਆ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਮੁੱਖ ਤੌਰ ’ਤੇ ਬਜ਼ੁਰਗਾਂ, ਫੇਫੜਿਆਂ, ਸ਼ੂਗਰ ਅਤੇ ਦਿਲ ਦੇ ਰੋਗੀਆਂ ’ਤੇ ਹਮਲਾ ਕਰ ਿਰਹਾ ਹੈ। ਸਾਰੀਆਂ ਸੂਬਾ ਸਰਕਾਰਾਂ ਨੂੰ ਇਹੋ ਜਿਹੇ ਮਰੀਜ਼ਾਂ ਲਈ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕਰਨ ਦੇ ਨਾਲ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ,‘‘ਕਿਸੇ ਦੇਸ਼ ਨੇ ਇੰਨੀ ਵੱਡੀ ਗਿਣਤੀ ’ਚ ਮੌਜੂਦ ਪ੍ਰਵਾਸੀ ਮਜ਼ਦੂਰਾਂ ਲਈ ਸੁਰੱਖਿਆ ਖਾਣਾ ਅਤੇ ਰਾਸ਼ਨ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਵਾਪਸ ਘਰ ਭੇਜਣ ਦਾ ਇੰਤਜ਼ਾਮ ਕੀਤੇ ਬਿਨਾਂ ਲਾਕਡਾਊਨ ਦੀ ਕੋਸ਼ਿਸ਼ ਵੀ ਲਾਗੂ ਨਹੀਂ ਕੀਤੀ।’’ ਰਾਹੁਲ ਗਾਂਧੀ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਇਕ ਚੌਕਸ ਪਹਿਰੇਦਾਰ ਵਜੋਂ ਕੰਮ ਕਰਨਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਭ ਤੋਂ ਕਮਜ਼ੋਰ ਅਤੇ ਗਰੀਬ ਲੋਕਾਂ ਦੀ ਪੂਰਨ ਤੌਰ ’ਤੇ ਸੁਰੱਖਿਆ ਕੀਤੀ ਜਾਵੇ।
ਉਨ੍ਹਾਂ ਕਿਹਾ,‘‘ਦੇਸ਼ ਨੂੰ ਭਾਰਤ ਕੇਂਦਰਿਤ ਰਣਨੀਤੀ ਅਤੇ ਵਿਚਾਰ ਚਰਚਾ ਦੇ ਨਾਲ ਕੋਰੋਨਾ ਨਾਲ ਲੜਨਾ ਪਵੇਗਾ। ਭਾਰਤ ਨੂੰ ਆਰਥਿਕ ਤਬਾਹੀ ਨਾਲ ਨਜਿੱਠਣ ਲਈ ਤਿਆਰੀ ਰੱਖਣ ਦੀ ਲੋੜ ਹੈ।’’