ਦੁਨੀਆ 'ਚ ਹਰ ਸਾਲ 5.7 ਕਰੋੜ ਟਨ ਪੈਦਾ ਹੁੰਦੈ ਪਲਾਸਟਿਕ ਪ੍ਰਦੂਸ਼ਣ, ਜਾਣੋ ਭਾਰਤ ਦਾ ਹਾਲ

Thursday, Sep 05, 2024 - 04:48 PM (IST)

ਨਿਊਯਾਰਕ : ਭਾਰਤ ਪਲਾਸਟਿਕ ਕੂੜਾ ਉਤਪਾਦਨ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ ਅਤੇ ਹਰ ਸਾਲ 12 ਮਿਲੀਅਨ ਟਨ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ ਨਾਲੋਂ ਦੁੱਗਣਾ ਹੈ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਵਿਚ ਦਿੱਤੀ ਗਈ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੀਡਜ਼ ਦੇ ਖੋਜਕਰਤਾਵਾਂ ਦੇ ਅਨੁਸਾਰ, ਵਿਸ਼ਵ ਵਿਚ ਹਰ ਸਾਲ 57 ਮਿਲੀਅਨ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜੋ ਕਿ ਸਭ ਤੋਂ ਡੂੰਘੇ ਸਮੁੰਦਰਾਂ ਤੋਂ ਉੱਚੇ ਪਹਾੜਾਂ ਦੀਆਂ ਚੋਟੀਆਂ ਤੱਕ ਅਤੇ ਲੋਕਾਂ ਦੇ ਸਰੀਰਾਂ ਤਕ ਵਿਚ ਫੈਲ ਗਿਆ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਦੂਸ਼ਣ ਦਾ ਦੋ ਤਿਹਾਈ ਤੋਂ ਵੱਧ ਹਿੱਸਾ 'ਗਲੋਬਲ ਸਾਊਥ' (ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ) ਤੋਂ ਆਉਂਦਾ ਹੈ। ਖੋਜਕਾਰਾਂ ਮੁਤਾਬਕ ਹਰ ਸਾਲ ਇੰਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਕਿ ਨਿਊਯਾਰਕ ਸਿਟੀ ਦੇ 'ਸੈਂਟਰਲ ਪਾਰਕ' 'ਚ ਪਲਾਸਟਿਕ ਦੇ ਕੂੜੇ ਦਾ ਪਹਾੜ 'ਐਂਪਾਇਰ ਸਟੇਟ ਬਿਲਡਿੰਗ' ਜਿੰਨਾ ਉੱਚਾ ਹੋ ਸਕਦਾ ਹੈ।

ਇਸ ਅਧਿਐਨ ਵਿਚ ਖੁੱਲ੍ਹੇ ਵਾਤਾਵਰਨ ਵਿੱਚ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪਲਾਸਟਿਕ ਦਾ ਕੂੜਾ ਸ਼ਾਮਲ ਨਹੀਂ ਹੈ ਜੋ ਲੈਂਡਫਿਲ ਵਿਚ ਜਾਂਦਾ ਹੈ ਜਾਂ ਸਹੀ ਢੰਗ ਨਾਲ ਸਾੜਿਆ ਜਾਂਦਾ ਹੈ। ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸਰਕਾਰਾਂ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਉਣ ਵਿਚ ਅਸਫਲ ਰਹਿੰਦੀਆਂ ਹਨ ਅਤੇ ਇਹ ਇੱਕ ਵੱਡਾ ਕਾਰਨ ਹੈ ਕਿ ਸਭ ਤੋਂ ਵੱਧ ਪਲਾਸਟਿਕ ਕੂੜਾ ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਅਫਰੀਕਾ ਵਿਚ ਪੈਦਾ ਹੁੰਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਲਾਸਟਿਕ ਕਚਰੇ ਲਈ ਜ਼ਿੰਮੇਵਾਰ ਲੋਕਾਂ ਵਿਚ ਭਾਰਤ ਵਿੱਚ 255 ਮਿਲੀਅਨ ਲੋਕ ਸ਼ਾਮਲ ਹਨ। ਲੀਡਜ਼ ਦੇ ਵਾਤਾਵਰਣ ਇੰਜੀਨੀਅਰਿੰਗ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਕੋਸਟਾਸ ਵੇਲਿਸ ਦੇ ਅਨੁਸਾਰ, ਨਾਈਜੀਰੀਆ ਦਾ ਲਾਗੋਸ ਕਿਸੇ ਵੀ ਹੋਰ ਸ਼ਹਿਰ ਨਾਲੋਂ ਜ਼ਿਆਦਾ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਹੈ।

ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰ ਸਭ ਤੋਂ ਵੱਡੇ ਸ਼ਹਿਰ ਨਵੀਂ ਦਿੱਲੀ, ਲੁਆਂਡਾ, ਅੰਗੋਲਾ, ਕਰਾਚੀ, (ਪਾਕਿਸਤਾਨ) ਅਤੇ ਅਲ ਕਾਹਿਰਾ (ਮਿਸਰ) ਹਨ। ਵੇਲਿਸ ਨੇ ਕਿਹਾ ਕਿ ਭਾਰਤ ਪਲਾਸਟਿਕ ਦੇ ਕੂੜੇ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ ਅਤੇ ਹਰ ਸਾਲ 12 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜੋ ਕਿ ਦੂਜੇ ਦੋ ਸਭ ਤੋਂ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ, ਨਾਈਜੀਰੀਆ ਅਤੇ ਇੰਡੋਨੇਸ਼ੀਆ ਦੁਆਰਾ ਪੈਦਾ ਕੀਤੇ ਗਏ ਕੂੜੇ ਤੋਂ ਦੁੱਗਣਾ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ, ਪਰ ਉਹ ਕੂੜਾ ਘਟਾਉਣ 'ਚ ਕਾਫੀ ਤਰੱਕੀ ਕਰ ਰਿਹਾ ਹੈ।

ਹੋਰ ਪ੍ਰਮੁੱਖ ਪਲਾਸਟਿਕ ਪ੍ਰਦੂਸ਼ਣ ਵਾਲੇ ਦੇਸ਼ ਪਾਕਿਸਤਾਨ, ਬੰਗਲਾਦੇਸ਼, ਰੂਸ ਅਤੇ ਬ੍ਰਾਜ਼ੀਲ ਹਨ। ਅਧਿਐਨ ਦੇ ਅੰਕੜਿਆਂ ਮੁਤਾਬਕ ਇਹ ਅੱਠ ਦੇਸ਼ ਦੁਨੀਆ ਦੇ ਅੱਧੇ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਅਧਿਐਨ ਦੇ ਅਨੁਸਾਰ, ਅਮਰੀਕਾ 52,500 ਟਨ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਦੇ ਨਾਲ 90ਵੇਂ ਅਤੇ ਯੂਕੇ ਲਗਭਗ 5,100 ਟਨ ਦੇ ਨਾਲ 135ਵੇਂ ਸਥਾਨ 'ਤੇ ਹੈ। ਮਾਹਰ ਚਿੰਤਤ ਹਨ ਕਿ ਅਧਿਐਨ ਵਿੱਚ ਪਲਾਸਟਿਕ ਉਦਯੋਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਹ ਸਮੁੱਚੇ ਪਲਾਸਟਿਕ ਉਤਪਾਦਨ ਦੀ ਬਜਾਏ ਪ੍ਰਦੂਸ਼ਣ 'ਤੇ ਕੇਂਦਰਿਤ ਸੀ। ਉਸ ਦਾ ਕਹਿਣਾ ਹੈ ਕਿ ਪਲਾਸਟਿਕ ਬਣਾਉਣ ਨਾਲ ਵੱਡੀ ਮਾਤਰਾ ਵਿਚ ਗ੍ਰੀਨਹਾਊਸ ਗੈਸਾਂ ਨਿਕਲਦੀਆਂ ਹਨ ਜੋ ਜਲਵਾਯੂ ਤਬਦੀਲੀ ਵਿਚ ਭੂਮਿਕਾ ਨਿਭਾਉਂਦੀਆਂ ਹਨ।


Baljit Singh

Content Editor

Related News