UN ’ਚ ਭਾਰਤ ਵੱਲੋਂ ਪਾਕਿ ਦੀ ਤਿੱਖੀ ਆਲੋਚਨਾ, ਕਿਹਾ- 26/11 ਦੇ ਦੋਸ਼ੀਆਂ ਨੂੰ ਸ਼ਹਿ ਮਿਲਣਾ ਜਾਰੀ
Wednesday, Jan 26, 2022 - 06:20 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿਚ ਕਿਹਾ ਕਿ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਪਾਕਿਸਤਾਨ ਵਿਚ ਸੁਰੱਖਿਆ ਮਿਲਣੀ ਜਾਰੀ ਹੈ। ਭਾਰਤ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਵਿਚ ਹੋਣ ਵਾਲੀਆਂ ਜ਼ਿਆਦਾਤਰ ਅੱਤਵਾਦੀ ਘਟਨਾਵਾਂ ਕਿਸੇ ਨਾ ਕਿਸੇ ਰੂਪ ਵਿਚ ਪਾਕਿਸਤਾਨ ਨਾਲ ਜੁੜੀਆਂ ਹੁੰਦੀਆਂ ਹਨ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ‘ਹਥਿਆਰਬੰਦ ਸੰਘਰਸ਼ ਵਿਚ ਆਮ ਨਾਗਰਿਕਾਂ ਦੀ ਸੁਰੱਖਿਆ’ ਵਿਸ਼ੇ ’ਤੇ ਆਯੋਜਿਤ ਇਕ ਖੁੱਲ੍ਹੀ ਬਹਿਸ ਵਿਚ ਸੰਯੁਕਤ ਰਾਸ਼ਟਰ ਵਿਚ ਇਸਲਾਮਾਬਾਦ ਦੇ ਰਾਜਦੂਤ ਮੁਨੀਰ ਅਕਰਮ ਵੱਲੋਂ ਕਸ਼ਮੀਰ ਮੁੱਦਾ ਉਠਾਏ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ’ਤੇ ਹਮਲਾ ਬੋਲਿਆ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਆਰ ਮਧੂਸੂਦਨ ਨੇ ਕਿਹਾ, ‘ਮੈਂਬਰ ਦੇਸ਼ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਸਰਗਰਮ ਸਮਰਥਨ, ਸਹਿਯੋਗ ਅਤੇ ਸੁਰੱਖਿਆ ਦੇਣ ਦਾ ਪੁਰਾਣਾ ਇਤਿਹਾਸ ਰਿਹਾ ਹੈ। ਇਹ ਉਹ ਦੇਸ਼ ਹੈ, ਜਿਸ ਨੂੰ ਵਿਸ਼ਵ ਪੱਧਰ ’ਤੇ ਅੱਤਵਾਦ ਦਾ ਸਪਾਂਸਰ ਕਿਹਾ ਗਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਜ਼ਿਆਦਾਤਰ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਦਾ ਸ਼ਰਮਨਾਕ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ।’
ਇਹ ਵੀ ਪੜ੍ਹੋ: ਥਾਈਲੈਂਡ 'ਭੰਗ' ਨੂੰ ਅਪਰਾਧ ਦੇ ਦਾਇਰੇ 'ਚੋਂ ਬਾਹਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ
ਮਧੂਸੂਦਨ ਨੇ ਕਿਹਾ, ‘ਦੁਨੀਆ ਭਰ ਵਿਚ ਹੋਏ ਜ਼ਿਆਦਾਤਰ ਅੱਤਵਾਦੀ ਹਮਲੇ ਕਿਸੇ ਨਾ ਕਿਸੇ ਰੂਪ ਵਿਚ ਪਾਕਿਸਤਾਨ ਨਾਲ ਸਬੰਧਤ ਹਨ।’ ਉਨ੍ਹਾਂ ਦੀ ਇਹ ਟਿੱਪਣੀ ਅਮਰੀਕਾ ਦੇ ਟੈਕਸਾਸ ਵਿਚ ਇਕ ਧਾਰਮਿਕ ਸਥਾਨ ’ਤੇ ਹੋਏ ਬੰਧਕ ਸੰਕਟ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਦਾ ਅੰਤ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅੱਤਵਾਦੀ ਮਲਿਕ ਫੈਜ਼ਲ ਅਕਰਮ ਦੇ ਮਾਰੇ ਜਾਣ ’ਤੇ ਹੋਇਆ ਸੀ। ਮਧੂਸੂਦਨ ਨੇ ਕਿਹਾ ਕਿ ਭਾਰਤੀ ਰਾਜਦੂਤ ਟੀ.ਐਸ. ਤਿਰੁਮੂਰਤੀ ਦੇ ਇਸ ਵਿਸ਼ੇ ’ਤੇ ਭਾਰਤ ਦਾ ਪੱਖ ਰੱਖਣ ਦੇ ਬਾਅਦ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੰਚ ’ਤੇ ਬੋਲਣ ਲਈ ਮਜ਼ਬੂਰ ਹੋਏ ਹਨ, ਕਿਉਂਕਿ ਪਾਕਿਸਤਾਨ ਨੇ ਉਨ੍ਹਾਂ ਦੇ ਦੇਸ਼ ਵਿਰੁੱਧ ਬਹੁਤ ਅਪਮਾਨਜਨਕ ਟਿੱਪਣੀ ਕਰਕੇ ਇਸ ਮੰਚ ਦਾ ਅਪਮਾਨ ਕੀਤਾ ਹੈ।
ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ
ਭਾਰਤੀ ਕੌਂਸਲਰ ਨੇ ਕਿਹਾ, ‘ਪਾਕਿਸਤਾਨੀ ਰਾਜਦੂਤ ਦੀਆਂ ਟਿੱਪਣੀਆਂ ਦੀ ਸਮੂਹਿਕ ਨਿੰਦਾ ਹੋਣੀ ਚਾਹੀਦੀ ਹੈ। ਪਰ, ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦੇਣ।’ ਮਧੂਸੂਦਨ ਮੁਤਾਬਕ ਅੱਜ ਯੂ.ਐੱਨ.ਐੱਸ.ਸੀ. ਆਮ ਨਾਗਰਿਕਾਂ ਦੀ ਸੁਰੱਖਿਆ ’ਤੇ ਚਰਚਾ ਕਰ ਰਹੀ ਹੈ, ਜਦਕਿ ਉਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ ਅੱਤਵਾਦ ਤੋਂ ਹੈ। ਉਨ੍ਹਾਂ ਨੇ ਦੋ-ਟੁੱਕ ਕਿਹਾ, ‘ਪਾਕਿਸਤਾਨ ਭਾਵੇਂ ਜੋ ਵੀ ਬਿਆਨਬਾਜ਼ੀ ਕਰੇ, ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜਵਾਂ ਹਿੱਸਾ ਸਨ ਅਤੇ ਹਮੇਸ਼ਾ ਰਹਿਣਗੇ।’ ਭਾਰਤ ਨੇ ਕਿਹਾ ਕਿ ਉਹ ਪਾਕਿਸਤਾਨ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ ਅਤੇ ਆਪਸੀ ਵਿਵਾਦ ਦੇ ਸਾਰੇ ਮੁੱਦਿਆਂ ਦਾ ਸ਼ਾਂਤੀਪੂਰਨ ਮਾਹੌਲ ਵਿਚ ਹੱਲ ਲੱਭਣ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਲਦਾਇਕ ਗੱਲਬਾਤ ਲਈ ਅੱਤਵਾਦ ਮੁਕਤ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।