ਭਾਰਤ ਜੋੜੋ ਯਾਤਰਾ : ਰਾਹੁਲ ਗਾਂਧੀ ਨੇ ਈਂਧਨ ਦੀ ਵਧਦੀ ਕੀਮਤ ''ਤੇ ਮਛੇਰਿਆਂ ਨਾਲ ਕੀਤੀ ਗੱਲਬਾਤ

Monday, Sep 19, 2022 - 09:46 AM (IST)

ਭਾਰਤ ਜੋੜੋ ਯਾਤਰਾ : ਰਾਹੁਲ ਗਾਂਧੀ ਨੇ ਈਂਧਨ ਦੀ ਵਧਦੀ ਕੀਮਤ ''ਤੇ ਮਛੇਰਿਆਂ ਨਾਲ ਕੀਤੀ ਗੱਲਬਾਤ

ਅਲਾਪੁਝਾ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਦੇ 12ਵੇਂ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਸੋਮਵਾਰ ਤੜਕੇ ਇਥੇ ਵਡਕਲ ਸਮੁੰਦਰ ਦੇ ਕਿਨਾਰੇ 'ਤੇ ਮਛੇਰੇ ਭਾਈਚਾਰੇ ਨਾਲ ਗੱਲਬਾਤ ਕੀਤੀ। ਗਾਂਧੀ ਨੇ ਸਵੇਰੇ ਮਛੇਰਿਆਂ ਨਾਲ ਮੁਲਾਕਾਤ ਕੀਤੀ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ, ਸਬਸਿਡੀ 'ਚ ਕਟੌਤੀ, ਘੱਟ ਹੁੰਦੇ ਮੱਛੀ ਦੇ ਭੰਡਾਰ ਅਤੇ ਵਾਤਾਵਰਣ ਨੂੰ ਨੁਕਸਾਨ ਸਮੇਤ ਵੱਖ-ਵੱਖ ਚੁਣੌਤੀਆਂ 'ਤੇ ਚਰਚਾ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਰਾਹੁਲ ਗਾਂਧੀ ਨੇ ਸਵੇਰੇ 6 ਵਜੇ ਈਂਧਨ ਦੀਆਂ ਵਧਦੀਆਂ ਕੀਮਤਾਂ, ਸਬਸਿਡੀਆਂ 'ਚ ਕਟੌਤੀ, ਮੱਛੀ ਦੇ ਭੰਡਾਰ ਨੂੰ ਖ਼ਤਮ ਕਰਨ, ਪੈਨਸ਼ਨ ਨਾ ਮਿਲਣ, ਸਿੱਖਿਆ ਦੇ ਅਢੁਕਵੇਂ ਮੌਕੇ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨਾਲ ਜੁੜੀਆਂ ਚੁਣੌਤੀਆਂ 'ਤੇ ਕੇ ਵਡਕਲ ਵਿਖੇ ਮੱਛੀ ਫੜਨ ਵਾਲੇ ਭਾਈਚਾਰੇ ਨਾਲ ਗੱਲਬਾਤ ਕੀਤੀ।''

PunjabKesari

'ਭਾਰਤ ਜੋੜੋ ਯਾਤਰਾ' ਸੋਮਵਾਰ ਨੂੰ ਪੁੰਨਪਰਾ ਤੋਂ ਸ਼ੁਰੂ ਹੋਈ ਅਤੇ ਸੀਨੀਅਰ ਕਾਂਗਰਸੀ ਆਗੂ ਕੇ. ਮੁਰਲੀਧਰਨ, ਕੇ. ਸੁਰੇਸ਼, ਰਮੇਸ਼ ਚੇਨੀਥਲਾ, ਕੇ. ਸੀ. ਵੇਣੂਗੋਪਾਲ ਅਤੇ ਕੇਰਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੇਸ਼ਾਨ ਵੀ ਗਾਂਧੀ ਨਾਲ ਪੈਦਲ ਯਾਤਰਾ 'ਚ ਮੌਜੂਦ ਸਨ। ਇਹ ਯਾਤਰਾ ਕਰੀਬ 16 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਲਾਵੂਰ ਪਹੁੰਚੇਗੀ। ਉਥੋਂ ਯਾਤਰਾ ਸ਼ਾਮ 4.30 ਵਜੇ ਮੁੜ ਸ਼ੁਰੂ ਹੋਵੇਗੀ ਅਤੇ ਕਰੀਬ 9 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਚੇਰਥਲਾ ਨੇੜੇ ਮਾਇਥਾਰਾ ਵਿਖੇ ਰੁਕੇਗੀ। ਕਾਂਗਰਸ ਦੀ 3,570 ਕਿਲੋਮੀਟਰ ਲੰਬੀ ਅਤੇ 150 ਦਿਨਾਂ ਦੀ ਲੰਬੀ ਪੈਦਲ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਜੰਮੂ-ਕਸ਼ਮੀਰ 'ਚ ਸਮਾਪਤ ਹੋਵੇਗੀ। 'ਭਾਰਤ ਜੋੜੋ ਯਾਤਰਾ' 10 ਸਤੰਬਰ ਦੀ ਸ਼ਾਮ ਨੂੰ ਕੇਰਲ ਪਹੁੰਚੀ ਅਤੇ 1 ਅਕਤੂਬਰ ਨੂੰ ਕਰਨਾਟਕ ਪਹੁੰਚਣ ਤੋਂ ਪਹਿਲਾਂ 19 ਦਿਨਾਂ ਵਿਚ ਕੇਰਲ ਦੇ 7 ਜ਼ਿਲ੍ਹਿਆਂ 'ਚੋਂ ਲੰਘਦੀ ਹੋਈ 450 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News