ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਚੋਣਾਂ ''ਚ ਭਾਰਤ ਦਾ ਆਸਾਨੀ ਨਾਲ ਜਿੱਤਣਾ ਪੱਕਾ

06/17/2020 7:10:34 PM

ਸੰਯੁਕਤ ਰਾਸ਼ਟਰ - ਭਾਰਤ ਨੂੰ ਬੁੱਧਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੇ ਚੋਣਾਂ ਵਿਚ ਸੌਖੀ ਜਿੱਤ ਮਿਲਣ ਦੀ ਉਮੀਦ ਹੈ, ਜਿਸ ਨਾਲ ਉਹ 2021-22 ਕਾਰਜਕਾਲ ਦੇ ਲਈ ਸੰਯੁਕਤ ਰਾਸ਼ਟਰ ਦੀ ਸਰਵ ਉੱਚ ਸੰਸਥਾ ਦਾ ਅਸਥਾਈ ਮੈਂਬਰ ਬਣ ਜਾਵੇਗਾ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਆਪਣੇ 75ਵੇਂ ਸੈਸ਼ਨ ਦੇ ਲਈ ਪ੍ਰਧਾਨ, ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰਾਂ ਅਤੇ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੇ ਮੈਂਬਰਾਂ ਦੇ ਲਈ ਚੋਣਾਂ ਕਰਾਵੇਗੀ। ਕੋਵਿਡ-19 ਨਾਲ ਸਬੰਧਿਤ ਪਾਬੰਦੀਆਂ ਦੇ ਕਾਰਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਚੋਣਾਂ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ।

ਭਾਰਤ ਦਾ ਅਸਥਾਈ ਮੈਂਬਰ ਦੇ ਤੌਰ 'ਤੇ 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ ਵਿਚ ਸ਼ਾਮਲ ਹੋਣਾ ਕਰੀਬ ਤੈਅ ਹੈ। ਭਾਰਤ 2021-22 ਕਾਰਜਕਾਲ ਦੇ ਲਈ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਤੋਂ ਅਸਥਾਈ ਸੀਟ ਦੇ ਲਈ ਉਮੀਦਵਾਰ ਹੈ।

ਇਕੱਲੀ ਸੀਟ ਦੇ ਲਈ ਇਕੋਂ-ਇਕ ਉਮੀਦਵਾਰ
ਭਾਰਤ ਦੀ ਜਿੱਤ ਇਸ ਲਈ ਤੈਅ ਮੰਨੀ ਜਾ ਰਹੀ ਹੈ, ਕਿਉਂਕਿ ਉਹ ਸਮੂਹ ਦੀ ਇਸ ਇਕੋਂ-ਇਕ ਸੀਟ ਦੇ ਲਈ ਇਕੱਲਾ ਉਮੀਦਵਾਰ ਹੈ। ਚੀਨ ਅਤੇ ਪਾਕਿਸਤਾਨ ਸਮੇਤ 55 ਮੈਂਬਰੀ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਪਿਛਲੇ ਸਾਲ ਜੂਨ ਵਿਚ ਸਰਬ-ਸੰਮਤੀ ਨਾਲ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ।

ਮਹਾਸਭਾ ਹਰ ਸਾਲ 2 ਸਾਲ ਦੇ ਕਾਰਜਕਾਲ ਦੇ ਲਈ ਕੁਲ 10 ਵਿਚੋਂ 5 ਅਸਥਾਈ ਮੈਂਬਰਾਂ ਦੀ ਚੋਣ ਕਰਦੀ ਹੈ। ਇਹ 10 ਅਸਥਾਈ ਸੀਟਾਂ ਖੇਤਰੀ ਆਧਾਰ 'ਤੇ ਵੰਡੀਆਂ ਜਾਂਦੀਆਂ ਹਨ। 5 ਸੀਟਾਂ ਅਫਰੀਕਾ ਅਤੇ ਏਸ਼ੀਆਈ ਦੇਸ਼ਾਂ ਦੇ ਲਈ, ਇਕ ਪੂਰਬੀ ਯੂਰਪੀ ਦੇਸ਼ਾਂ, 2 ਲਾਤਿਨ ਅਮਰੀਕਾ ਅਤੇ ਕੈਰੀਬੀਆਈ ਦੇਸ਼ਾਂ ਅਤੇ 2 ਪੱਛਮੀ ਯੂਰਪੀ ਅਤੇ ਹੋਰਨਾਂ ਰਾਜਾਂ ਦੇ ਲਈ ਵੰਡੀਆਂ ਜਾਂਦੀਆਂ ਹਨ। ਪ੍ਰੀਸ਼ਦ ਵਿਚ ਚੁਣੇ ਜਾਣ ਦੇ ਲਈ ਉਮੀਦਵਾਰ ਦੇਸ਼ਾਂ ਨੂੰ ਮੈਂਬਰ ਦੇਸ਼ਾਂ ਦੇ 2-ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ. ਐਸ. ਤਿਰੂਮੂਰਤੀ ਨੇ ਕਿਹਾ ਕਿ ਇਸ ਪ੍ਰੀਸ਼ਦ ਵਿਚ ਭਾਰਤ ਦੀ ਮੌਜੂਦਗੀ ਨਾਲ 'ਵਸੁਧੈਵ ਕੁਟੰਬਕਮ' ਦੇ ਉਸ ਦੇ ਲੋਕਾਚਾਰ (ਈਥੋਸ) ਨੂੰ ਦੁਨੀਆ ਤੱਕ ਲਿਆਉਣ ਵਿਚ ਮਦਦ ਮਿਲੇਗੀ। ਉਨ੍ਹਾਂ ਆਖਿਆ ਕਿ ਸੰਯੁਕਤ ਰਾਸ਼ਟਰ ਨੂੰ ਸਮਕਾਲੀ ਸੱਚਾਈਆਂ ਨੂੰ ਦਰਸਾਉਣ ਅਤੇ ਭਰੋਸੇਯੋਗ ਰਹਿਣ ਲਈ ਬਦਲਣ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਇਸ ਸਾਲ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। 


Khushdeep Jassi

Content Editor

Related News