ਆਫ ਦਿ ਰਿਕਾਰਡ: ਨਿੱਝਰ ਕਤਲ ਮਾਮਲੇ ’ਚ ਭਾਰਤ ਹੁਣ ਪਿੱਛੇ ਹਟਣ ਵਾਲਾ ਨਹੀਂ
Sunday, Sep 24, 2023 - 12:56 PM (IST)
ਨੈਸ਼ਨਲ ਡੈਸਕ- ਭਾਰਤ ਨੇ ਅਮਰੀਕੀਆਂ ਅਤੇ ਹਾਲ ਹੀ 'ਚ ਭਾਰਤ ਵਿਚ ਆਏ ਕੈਨੇਡੀਅਨ ਐੱਨ. ਐੱਸ. ਏ. ਨੂੰ ਵੀ ਸਪੱਸ਼ਟ ਦੱਸ ਦਿੱਤਾ ਹੈ ਕਿ ਕੈਨੇਡਾ ਨੂੰ ਉਸ ਖਤਰਨਾਕ ਰੁਝਾਨ ਖਿਲਾਫ ਕਾਰਵਾਈ ਕਰਨੀ ਹੋਵੇਗੀ, ਜੋ 4-5 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਵਿਦੇਸ਼ਾਂ ਵਿਚ ਵਸੇ ਕਈ ਖਾਲਿਸਤਾਨੀ ਅੱਤਵਾਦੀਆਂ ਨੇ ਪੰਜਾਬ ਵਿਚ ਪੈਸੇ ਦੀ ਉਗਰਾਹੀ ਅਤੇ ਅੱਤਵਾਦ ਦੇ ਪ੍ਰਸਾਰ ਲਈ ਭਾਰਤ ਵਿਚ ਬੈਠੇ ਗੈਂਗਸਟਰਾਂ ਨਾਲ ਹੱਥ ਮਿਲਾਇਆ। ਭਾਰਤ ਨੇ ਵਿਚੌਲਿਆ (ਅਮਰੀਕਾ) ਨੂੰ ਇਹ ਵੀ ਦੱਸਿਆ ਹੈ ਕਿ ਉਹ ਖਾਲਿਸਤਾਨੀ ਕੱਟੜਪੰਥੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸੰਬੰਧ ਵਿਚ ਕੈਨੇਡਾ ਵਲੋਂ ਮੰਗੀ ਗਈ ਕੋਈ ਵੀ ਜਾਣਕਾਰੀ ਦੇਵੇਗਾ। ਅਮਰੀਕਾ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡੀਅਨ ਦੋਸ਼ ਸਾਂਝਾ ਖੁਫੀਆ ਜਾਣਕਾਰੀ ’ਤੇ ਆਧਾਰਿਤ ਹੈ, ਜਿਸ ਦਾ ਅਰਥ ਹੈ ਕਿ ਉਹ ਬੇਬੁਨਿਆਦ ਨਹੀਂ ਹੈ।
ਭਾਰਤ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਭਾਰਤ ਵਿਚ ਅੱਤਵਾਦ ਫੈਲਾਉਣ ਲਈ ਖਾਲਿਸਤਾਨੀਆਂ ਅਤੇ ਅਪਰਾਧੀਆਂ ਦੀ ਪਨਾਹਗਾਹ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਦਿਨ ਗਏ ਜਦੋਂ ਭਾਰਤ 1985 ਤੋਂ ਬਾਅਦ ਅਜਿਹੀਆਂ ਸਰਗਰਮੀਆਂ ਨੂੰ ਸਹਿਣ ਕਰਦਾ ਸੀ, ਜਦੋਂ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਉਡਾ ਦਿੱਤਾ ਗਿਆ ਸੀ ਅਤੇ ਅਪਰਾਧ ਕਰਨ ਵਾਲੇ ਬੱਚ ਗਏ ਸਨ। ਮਨੁੱਖੀ ਅਧਿਕਾਰ ਦੇ ਨਾਂ ’ਤੇ ਕੈਨੇਡਾ ਅਤੇ ਕਈ ਪੱਛਮੀ ਦੇਸ਼ ਅਜਿਹੇ ਤੱਤਾਂ ਨੂੰ ਪਨਾਹ ਦੇ ਰਹੇ ਹਨ, ਜਿਨ੍ਹਾਂ ਦੀ ਭਾਰਤੀ ਪੁਲਸ ਨੂੰ ਉਨ੍ਹਾਂ ਦੀਆਂ ਅੱਤਵਾਦੀ ਅਤੇ ਅਪਰਾਧਿਕ ਸਰਗਰਮੀਆਂ ਵਿਚ ਭਾਲ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਜੋ ਕਲ ਰਾਤ ਅਮਰੀਕਾ ਦੀ ਆਪਣੀ 9 ਦਿਨਾਂ ਲੰਬੀ ਯਾਤਰਾ ’ਤੇ ਰਵਾਨਾ ਹੋਏ, ਕੈਨੇਡਾ ਅਤੇ ਹੋਰ ਥਾਵਾਂ ’ਤੇ ਭਾਰਤ ਵਿਰੋਧੀ ਤੱਤਾਂ ਨੂੰ ਸੁਰੱਖਿਆ ਮਿਲਣ ਦਾ ਮੁੱਦਾ ਬਾਈਡੇਨ ਪ੍ਰਸ਼ਾਸਨ ਦੇ ਸਾਹਮਣੇ ਉਠਾਉਣਗੇ। ਭਾਵੇਂ ਜੈਸ਼ੰਕਰ ਦਾ ਮੁੱਢਲਾ ਕਾਰਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੇ ਸਾਲਾਨਾ ਸੈਸ਼ਨ 'ਚ ਹਿੱਸਾ ਲੈਣਾ ਹੈ ਪਰ ਉਹ ਆਪਣੇ ਅਮਰੀਕੀ ਵਾਰਤਾਕਾਰਾਂ ਨਾਲ ਦੋ-ਪੱਖੀ ਬੈਠਕਾਂ ਲਈ ਵਾਸ਼ਿੰਗਟਨ ਵੀ ਜਾਣਗੇ।
ਟਰੂਡੋ ਵਲੋਂ ਨਿੱਝਰ ਦੇ ਕਤਲ ਲਈ ਭਾਰਤ ’ਤੇ ਜਨਤਕ ਤੌਰ ’ਤੇ ਦੋਸ਼ ਲਾਉਣ ਦੇ ਫੈਸਲੇ ਤੋਂ ਬਾਅਦ ਪੀ. ਐੱਮ. ਮੋਦੀ ਨੇ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਲਈ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨੂੰ ਉਥੇ ਪਨਾਹ ਮਿਲਣ ’ਤੇ ਕੈਨੇਡਾ ਖਿਲਾਫ ਆਪਣੀ ਸਰਕਾਰ ਦਾ ਰੁਖ਼ ਸਖਤ ਕਰ ਦਿੱਤਾ ਹੈ। ਕੈਨੇਡਾ ਸਥਿਤ ਅਨਸਰਾਂ ਅਤੇ ਅਪਰਾਧੀਆਂ ਦਾ ਗੱਠਜੋੜ ਭਾਰਤ ਵਿਚ ਵੱਡੇ ਪੱਧਰ ’ਤੇ ਸਾਹਮਣੇ ਆਇਆ ਜਦੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਤੋਂ ਨੇਤਾ ਬਣੇ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ। ਭਾਰਤ ਲਈ ਹੁਣ ਪਿੱਛੇ ਹਟਣ ਦਾ ਕੋਈ ਬਦਲ ਨਹੀਂ ਹੈ ਤਾਂ ਕੀ ਅਜਿਹੇ ਵਿਚ ਕੈਨੇਡਾ ਝੁਕੇਗਾ?