ਡਿਜੀਟਲ ਅਰੈਸਟ ਦੇ ਨਾਂ ''ਤੇ ਰੋਜ਼ਾਨਾ ਹੋ ਰਹੀ 6 ਕਰੋੜ ਰੁਪਏ ਦੀ ਠੱਗੀ
Monday, Nov 04, 2024 - 10:40 AM (IST)
ਜਲੰਧਰ/ਨਵੀਂ ਦਿੱਲੀ (ਇੰਟ.)- ਭਾਰਤ ਵਿਚ ਡਿਜੀਟਲ ਅਰੈਸਟ ਧੋਖਾਦੇਹੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ ਨੇ ਕੰਬੋਡੀਆ, ਮਿਆਂਮਾਰ, ਵੀਅਤਨਾਮ, ਲਾਓਸ ਅਤੇ ਥਾਈਲੈਂਡ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਇਨ੍ਹਾਂ ਘਪਲਿਆਂ ਲਈ ਗੜ੍ਹ ਦੇ ਰੂਪ ’ਚ ਪਛਾਣ ਕੀਤੀ ਹੈ। ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾ ਦੇਣ ਲਈ ਕਈ ਤਰੀਕੇ ਵਰਤਦੇ ਹਨ। ਇਨ੍ਹਾਂ ’ਚੋਂ ਡਿਜੀਟਲ ਅਰੈਸਟ ਦਾ ਤਰੀਕਾ ਬਹੁਤ ਚਰਚਾ ਵਿਚ ਹੈ। ਇਕ ਰਿਪੋਰਟ ’ਚ ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਤਰੀਕੇ ਦੀ ਵਰਤੋਂ ਕਰ ਕੇ ਘਪਲੇਬਾਜ਼ ਹਰ ਰੋਜ਼ 6 ਕਰੋੜ ਰੁਪਏ ਦੀ ਧੋਖਾਦੇਹੀ ਕਰ ਰਹੇ ਹਨ। ਘਪਲੇਬਾਜ਼ਾਂ ਨੇ ਇਸ ਸਾਲ ਸਿਰਫ 10 ਮਹੀਨਿਆਂ ਵਿਚ 2140 ਕਰੋੜ ਰੁਪਏ ਦੀ ਧੋਖਾਦੇਹੀ ਡਿਜੀਟਲ ਅਰੈਸਟ ਦੀ ਵਰਤੋਂ ਕਰ ਕੇ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਪਾਇਆ ਕਿ ਧੋਖਾਦੇਹੀ ਕਰਨ ਵਾਲੇ ਜ਼ਿਆਦਾਤਰ ਕੰਬੋਡੀਆ ਵਿਚ ਚੀਨੀ ਕੈਸੀਨੋ ਵਿਚ ਸਥਿਤ ਕਾਲ ਸੈਂਟਰਾਂ ’ਚ ਕੰਮ ਕਰਦੇ ਹਨ। ਅਕਤੂਬਰ ਤੱਕ, ਸਾਈਬਰ ਵਿੰਗ ਨੇ ਡਿਜੀਟਲ ਗ੍ਰਿਫਤਾਰੀ ਧੋਖਾਦੇਹੀ ਨਾਲ ਸਬੰਧਤ 92,334 ਮਾਮਲੇ ਦਰਜ ਕੀਤੇ ਹਨ।
ਇਹ ਵੀ ਪੜ੍ਹੋ: 65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ! ਜਾਣੋ ਕਾਰਨ
ਕੰਬੋਡੀਆ ਵਿਚ ਭਾਰਤੀ ਦੂਤਘਰ ਨੇ ਜਾਰੀ ਕੀਤੀ ਹੈ ਐਡਵਾਈਜ਼ਰੀ
ਰਿਪੋਰਟ ਮੁਤਾਬਕ ਕੰਬੋਡੀਆ ’ਚ ਸਥਿਤ ਭਾਰਤੀ ਦੂਤਘਰ ਨੇ ਵੀ ਇੱਥੇ ਨੌਕਰੀ ਲੱਭਣ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ’ਤੇ ਨੌਕਰੀ ਨਾ ਮੰਗਣ ਦੀ ਵੀ ਅਪੀਲ ਕੀਤੀ ਹੈ ਅਤੇ ਦੱਸਿਆ ਹੈ ਕਿ ਇਹ ਕੰਬੋਡੀਆ ’ਚ ਗੈਰ-ਕਾਨੂੰਨੀ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਕੰਬੋਡੀਆ ਵਿਚ ਨੌਕਰੀਆਂ ਦੇ ਮੌਕਿਆਂ ਦੇ ਝੂਠੇ ਵਾਅਦਿਆਂ ਵਿਚ ਫਸ ਕੇ ਭਾਰਤੀ ਨਾਗਰਿਕ ਮਨੁੱਖੀ ਸਮੱਗਲਰਾਂ ਦੇ ਜਾਲ ਵਿਚ ਫਸ ਰਹੇ ਹਨ। ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਆਨਲਾਈਨ ਘਪਲੇ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਡਿਜੀਟਲ ਅਰੈਸਟ ਕਰਨ ਵਾਲੇ ਧੋਖੇਬਾਜ਼ਾਂ ਦੇ ਇੰਟਰਨੈੱਟ ਪ੍ਰੋਟੋਕਾਲ ਡਿਟੇਲ ਰਿਕਾਰਡ ਦਾ ਟਿਕਾਣਾ ਕੰਬੋਡੀਆ, ਮਿਆਂਮਾਰ ਅਤੇ ਵੀਅਤਨਾਮ ਹੈ। ਅਜਿਹੇ ਘਪਲਿਆਂ ਤੋਂ ਇਕੱਠਾ ਹੋਇਆ ਪੈਸਾ ਦੁਬਈ ਅਤੇ ਵੀਅਤਨਾਮ ਦੇ ਏ. ਟੀ. ਐੱਮਜ਼ ਤੋਂ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ
ਭਾਰਤ ਤੋਂ ਮੰਗਵਾਏ ਜਾਂਦੇ ਹਨ ਸਿਮ ਕਾਰਡ
ਰਿਪੋਰਟ ਮੁਤਾਬਕ ਕੰਬੋਡੀਆ, ਮਿਆਂਮਾਰ ਅਤੇ ਵੀਅਤਨਾਮ ’ਚ ਬੈਠੇ ਸਾਈਬਰ ਅਪਰਾਧੀ ਆਪਣੇ ਏਜੰਟਾਂ ਦੀ ਮਦਦ ਨਾਲ ਭਾਰਤੀ ਸਿਮ ਕਾਰਡ ਮੰਗਵਾਉਂਦੇ ਹਨ। ਜਾਂਚ ’ਚ ਸਾਹਮਣੇ ਆਇਆ ਕਿ ਕੰਬੋਡੀਆ ਅਤੇ ਮਿਆਂਮਾਰ ਨੂੰ ਕਰੀਬ 45,000 ਸਿਮ ਕਾਰਡਜ਼ ਭੇਜੇ ਗਏ ਸਨ। ਬਾਅਦ ਵਿਚ ਭਾਰਤੀ ਏਜੰਸੀਆਂ ਨੇ ਇਨ੍ਹਾਂ ਸਿਮ ਕਾਰਡਾਂ ਨੂੰ ਬੰਦ ਕਰ ਦਿੱਤਾ। ਭਾਵ ਭਾਰਤ ਦੇ ਸਿਮ ਕਾਰਡ, ਭਾਰਤ ਦੇ ਲੋਕਾਂ ਤੋਂ ਹੀ ਸਾਈਬਰ ਅਪਰਾਧ ਕਰਵਾ ਕੇ ਭਾਰਤ ਦਾ ਹੀ ਪੈਸਾ ਦੇਸ਼ ਤੋਂ ਬਾਹਰ ਬੈਠੇ ਸਾਈਬਰ ਅਪਰਾਧੀ ਲੁੱਟ ਰਹੇ ਹਨ। ਕੰਬੋਡੀਆ, ਮਿਆਂਮਾਰ ਅਤੇ ਵੀਅਤਨਾਮ ’ਚ ਬੈਠੇ ਸਾਈਬਰ ਅਪਰਾਧੀਆਂ ਕੋਲ ਭਾਰਤੀ ਸਿਮ ਕਾਰਡ ਉਨ੍ਹਾਂ ਦੇ ਭਾਰਤੀ ਏਜੰਟਾਂ ਰਾਹੀਂ ਭੇਜੇ ਜਾਂਦੇ ਹਨ। ਉੱਤਰਾਖੰਡ ਐੱਸ. ਟੀ. ਐੱਫ. ਨੇ ਲਗਭਗ 3000 ਮਸ਼ੀਨ ਟੂ ਮਸ਼ੀਨ (ਐੱਮ2ਐੱਮ) ਸਿਮ ਕਾਰਡ ਜ਼ਬਤ ਕੀਤੇ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਲਗਭਗ 45,000 ਸਿਮ ਕਾਰਡ ਕੰਬੋਡੀਆ ਅਤੇ ਮਿਆਂਮਾਰ ਭੇਜੇ ਜਾ ਚੁੱਕੇ ਸਨ, ਜਿਨ੍ਹਾਂ ਨੂੰ ਬਾਅਦ ਵਿਚ ਏਜੰਸੀਆਂ ਨੇ ਬੰਦ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8