ਭਾਰਤ ''ਚ ਕੋਵਿਡ-19 ਨਾਲ ਹੁਣ ਤੱਕ 196 ਡਾਕਟਰਾਂ ਦੀ ਹੋਈ ਮੌਤ

08/08/2020 5:45:13 PM

ਨਵੀਂ ਦਿੱਲੀ- ਭਾਰਤੀ ਮੈਡੀਕਲ ਸੰਗਠਨ (ਆਈ.ਐੱਮ.ਏ.) ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ 'ਚ ਹੁਣ ਤੱਕ ਕੁੱਲ 196 ਡਾਕਟਰਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਧਿਆਨ ਦੇਣ। ਆਈ.ਐੱਮ.ਏ. ਨੇ ਚਿੰਤਾ ਜਤਾਉਂਦੇ ਹੋਏ ਕਿਹਾ,''ਆਈ.ਐੱਮ.ਏ. ਵਲੋਂ ਇਕੱਠੇ ਨਵੇਂ ਅੰਕੜਿਆਂ ਅਨੁਸਾਰ ਸਾਡੇ ਦੇਸ਼ ਨੇ 196 ਡਾਕਟਰਾਂ ਨੂੰ ਗਵਾ ਦਿੱਤਾ, ਜਿਨ੍ਹਾਂ 'ਚੋਂ 170 ਦੀ ਉਮਰ 50 ਸਾਲ ਸੀ ਅਤੇ ਇਸ 'ਚ 40 ਫੀਸਦੀ ਜਨਰਲ ਪ੍ਰੈਕਟੀਸ਼ਨਰਜ਼ ਸਨ।'' ਡਾਕਟਰਾਂ ਦੇ ਸੰਗਠਨ ਨੇ ਕਿਹਾ ਕਿ ਬੁਖਾਰ ਅਤੇ ਇਸ ਨਾਲ ਜੁੜੇ ਲੱਛਣਾਂ ਲਈ ਜ਼ਿਆਦਾ ਗਿਣਤੀ 'ਚ ਲੋਕ ਜਨਰਲ ਪ੍ਰੈਕਟੀਸ਼ਨਰਜ਼ ਨਾਲ ਸੰਪਰਕ ਕਰਦੇ ਹਨ, ਇਸ ਲਈ ਉਹ ਪਹਿਲਾ ਸੰਪਰਕ ਬਿੰਦੂ ਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 'ਚ ਆਈ.ਐੱਮ.ਏ. ਨੇ ਅਪੀਲ ਕੀਤੀ ਕਿ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਲੀ ਪੂਰੀ ਦੇਖਭਾਲ ਯਕੀਨੀ ਕੀਤੀ ਜਾਵੇ ਤਾਂ ਕਿ ਸਾਰੇ ਸੈਕਟਰਾਂ ਦੇ ਡਾਕਟਰਾਂ ਨੂੰ ਸਰਕਾਰ ਵਲੋਂ ਮੈਡੀਕਲ ਅਤੇ ਜੀਵਨ ਬੀਮਾ ਦਿੱਤਾ ਜਾਵੇ।

ਆਈ.ਐੱਮ.ਏ. ਦੇ ਰਾਸ਼ਟਰੀ ਪ੍ਰਧਾਨ ਡਾ. ਰਾਜਨ ਸ਼ਰਮਾ ਨੇ ਕਿਹਾ,''ਆਈ.ਐੱਮ.ਏ. ਦੇਸ਼ ਭਰ ਦੇ ਸਾਢੇ 3 ਲੱਖ ਡਾਕਟਰਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ। ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕੋਵਿਡ-19 ਸਰਕਾਰੀ ਅਤੇ ਨਿੱਜੀ ਸੈਕਟਰ 'ਚ ਭੇਦ ਨਹੀਂ ਕਰਦਾ ਅਤੇ ਸਾਰਿਆਂ ਨੂੰ ਸਾਮਾਨ ਰੂਪ ਨਾਲ ਪ੍ਰਭਾਵਿਤ ਕਰਦਾ ਹੈ।'' ਉਨ੍ਹਾਂ ਨੇ ਕਿਹਾ,''ਇਸ ਤੋਂ ਵੱਧ ਨਿਰਾਸ਼ਾਜਨਕ ਹੈ ਕਿ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਾਖ਼ਲ ਹੋਣ ਲਈ ਬਿਸਤਰ ਨਹੀਂ ਮਿਲ ਰਿਹਾ ਹੈ ਅਤੇ ਜ਼ਿਆਦਾਤਰ ਮਾਮਲਿਆਂ 'ਚ ਦਵਾਈ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈ.ਐੱਮ.ਏ. ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਮਹਾਮਾਰੀ ਦੌਰਾਨ ਡਾਕਟਰਾਂ ਦੀ ਸੁਰੱਖਿਆ ਅਤੇ ਕਲਿਆਣ 'ਤੇ ਪੂਰਾ ਧਿਆਨ ਦਿੱਤਾ ਜਾਵੇ।'' ਆਈ.ਐੱਮ.ਏ. ਦੇ ਜਨਰਲ ਸਕੱਤਰ ਡਾ. ਆਰ.ਵੀ. ਅਸ਼ੋਕਨ ਨੇ ਕਿਹਾ ਕਿ ਕੋਵਿਡ-19 ਕਾਰਨ ਡਾਕਟਰਾਂ 'ਚ ਮੌਤ ਦਰ 'ਖਤਰਨਾਕ ਸਥਿਤੀ' 'ਚ ਪਹੁੰਚ ਗਈ ਹੈ।


DIsha

Content Editor

Related News