ਦੇਸ਼ ''ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ''ਚ ਕਰੀਬ 40 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
Friday, Mar 19, 2021 - 11:00 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਇਕ ਵਾਰ ਮੁੜ ਰਫ਼ਤਾਰ ਫੜ ਲਈ ਹੈ। ਪਿਛਲੇ 24 ਘੰਟਿਆਂ ਅੰਦਰ 40 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੀ ਇਹ ਰਫ਼ਤਾਰ ਸੱਚੀ ਡਰਾਉਣ ਵਾਲੀ ਹੈ। ਵਧਦੀ ਰਫ਼ਤਾਰ 'ਚ ਸਭ ਤੋਂ ਵੱਧ ਯੋਗਦਾਨ ਮਹਾਰਾਸ਼ਟਰ ਦਾ ਹੈ, ਜਿੱਥੇ ਨਵੇਂ ਮਾਮਲਿਆਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਨਵੇਂ ਮਾਮਲਿਆਂ 'ਚ ਕਰੀਬ 60 ਫੀਸਦੀ ਯੋਗਦਾਨ ਸਿਰਫ਼ ਮਹਾਰਾਸ਼ਟਰ ਦਾ ਹੈ। ਉੱਥੇ ਹੀ ਦੇਸ਼ ਭਰ 'ਚ ਕੋਵਿਡ ਜਾਂਚ ਦੀ ਗਿਣਤੀ 23 ਕਰੋੜ ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ: ਮਹਾਰਾਸ਼ਟਰ 'ਚ ਆਏ 25 ਹਜ਼ਾਰ ਤੋਂ ਜ਼ਿਆਦਾ ਕੇਸ, ਅਹਿਮਦਾਬਾਦ 'ਚ ਅੱਜ ਤੋਂ ਨਾਈਟ ਕਰਫਿਊ
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ,''ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 39,726 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,15,14,331 ਹੋ ਗਈ ਹੈ। ਇਸ ਮਿਆਦ ਦੌਰਾਨ 154 ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,59,370 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2,71,282 ਹੈ ਅਤੇ ਡਿਸਚਾਰਜ ਹੋਏ ਮਾਮਲਿਆਂ ਦੀ ਗਿਣਤੀ 1,10,83,679 ਹੈ।'' ਉੱਥੇ ਹੀ ਹੁਣ ਤੱਕ ਦੇਸ਼ 'ਚ ਕੁੱਲ 3,93,39,817 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਗਈ ਹੈ।
ਉੱਥੇ ਹੀ ਟੈਸਟਿੰਗ ਦੀ ਗੱਲ ਕਰੀਏ ਤਾਂ 18 ਮਾਰਚ ਨੂੰ ਦੇਸ਼ 'ਚ 10 ਲੱਖ ਤੋਂ ਵੱਧ ਸੈਂਪਲ ਟੈਸਟ ਕੀਤੇ ਗਏ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ, ਭਾਰਤ 'ਚ ਕੱਲ ਤੱਕ ਕੋਰੋਨਾ ਵਾਇਰਸ ਲਈ ਕੁੱਲ 23,13,70,546 ਸੈਂਪਲ ਟੈਸਟ ਕੀਤੇ ਜਾ ਚੁਕੇ ਹਨ, ਜਿਨ੍ਹਾਂ 'ਚੋਂ 10,57,383 ਸੈਂਪਲ ਵੀਰਵਾਰ ਨੂੰ ਟੈਸਟ ਕੀਤੇ ਗਏ ਸਨ। 5 ਸੂਬਿਆਂ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ 'ਚ ਕੋਵਿਡ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਬਿਆਨ
ਨੋਟ : ਕੋਰੋਨਾ ਦੇ ਮੁੜ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ